ਨਵੀਂ ਦਿੱਲੀ, 9 ਫਰਵਰੀ, (ਹ.ਬ.) : ਯੂਪੀ ਅਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 54 ਲੋਕਾਂ ਦੀ ਮੌਤ ਹੋ ਗਈ। ਯੂਪੀ ਵਿਚ ਸਹਾਰਨਪੁਰ ਜ਼ਿਲ੍ਹੇ ਦੇ ਨਾਗਲ, ਗਾਗਲਹੇੜੀ ਅਤੇ ਦੇਵਬੰਦ ਥਾਣਾ ਖੇਤਰ ਦੇ ਪਿੰਡਾਂ ਵਿਚ 33 ਦੀ ਜਾਨ ਚਲੀ ਗਈ, ਜਦ ਕਿ 50  ਹੋਰ ਬਿਮਾਰ ਹਨ। ਪਿੰਡ ਵਾਸੀ ਹੋਰ 9 ਮੌਤਾਂ ਦੀ ਪੁਸ਼ਟੀ ਕਰ ਰਹੇ ਹਨ। ਕੁਸ਼ੀਨਗਰ ਵਿਚ ਵੀ ਇੱਕ ਨੇ ਦਮ ਤੋੜ ਦਿੱਤਾ। ਉਤਰਾਖੰਡ ਵਿਚ ਹਰਿਦੁਆਰ ਜ਼ਿਲ੍ਹੇ ਦੀ ਭਗਵਾਨਪੁਰ ਤਹਿਸੀਲ ਦੇ ਪਿੰਡਾਂ ਵਿਚ 20 ਮੌਤਾਂ ਹੋਈਆਂ। ਇਨ੍ਹਾਂ ਵਿਚ 60 ਜਣੇ ਹਸਪਤਾਲ ਭਰਤੀ ਹਨ। ਹਾਲਾਂਕਿ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ 16 ਮੌਤਾਂ ਦੀ ਪੁਸ਼ਟੀ ਕੀਤੀ ਹੈ। ਯੂਪੀ ਸਰਕਾਰ ਨੇ ਕੁਸ਼ੀਨਗਰ ਅਤੇ ਸਹਾਰਨਪੁਰ ਦੇ ਜ਼ਿਲ੍ਹਾ ਆਬਕਾਰੀ ਅਧਿਕਾਰੀ, ਨਾਗਲ ਥਾਣਾ ਇੰਚਾਰਜ ਸਣੇ ਦਸ ਪੁਲਿਸ ਕਰਮੀਆਂ ਅਤੇ ਆਬਕਾਰੀ ਵਿਭਾਗ ਦੇ ਦੋ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ। ਉਤਰਾਖੰਡ ਵਿਚ ਕਈ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ 'ਤੇ ਨਾਜਾਇਜ਼ ਸ਼ਰਾਬ ਦੀ ਸ਼ਿਕਾਇਤਾਂ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਸਹਾਰਨਪੁਰ ਵਿਚ ਨਾਗਲ ਥਾਣੇ ਦੇ ਉਮਾਹੀ, ਸਲੇਮਪੁਰ ਅਤੇ ਗਾਗਲਹੇੜੀ ਦੇ ਪਿੰਡ ਸ਼ਰਬਤਪੁਰ ਅਤੇ ਮਾਲੀ ਵਿਚ ਸ਼ਰਾਬ ਨਾਲ ਮੌਤ ਦੀ ਸੂਚਨਾ 'ਤੇ ਪ੍ਰਸ਼ਾਸਨ ਵਿਚ ਭਾਜੜਾਂ ਪੈ ਗਈਆਂ। ਸੀਨੀਅਰ ਅਧਿਕਾਰੀ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਪਹੁੰਚੇ।

ਹੋਰ ਖਬਰਾਂ »