ਪਰਿਵਾਰਕ ਮੈਂਬਰਾਂ ਨਾਲ ਦਿੱਲੀ ਏਅਰਪੋਰਟ ਖੁਦ ਲੈਣ ਪਹੁੰਚੇ ਭਗਵੰਤ ਮਾਨ

ਚੰਡੀਗੜ੍ਹ ,9 ਫਰਵਰੀ, (ਹ.ਬ.) : ਪੰਜਾਬ ਵਿਚ ਹੱਦੋਂ ਵੱਧ ਬੇਰੁਜਗਾਰੀ ਕਾਰਨ ਵਿਦੇਸ਼ ਜਾਣ ਲਈ ਧੋਖੇਬਾਜ ਏਜੰਟਾਂ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨਾਂ ਨੂੰ ਅੱਜ ਅਰਮੀਨੀਆ ਤੋਂ ਵਾਪਸ ਦੇਸ਼ ਲਿਆਉਣ ਦੇ ਭਗਵੰਤ ਮਾਨ ਦੇ ਯਤਨਾਂ ਬੂਰ ਪੈ ਗਿਆ ਹੈ। ਰੁਜਗਾਰ ਅਤੇ ਰੋਜੀ-ਰੋਟੀ ਦਾ ਜੁਗਾੜ ਕਰਨ ਦੇ ਮਕਸਦ ਨਾਲ ਪੰਜਾਬ ਦੇ ਧੋਖੇਬਾਜ ਏਜੰਟਾਂ ਦੀ ਮਦਦ ਨਾਲ ਬਾਹਰਲੇ ਮੁਲਕ ਅਰਮੀਨੀਆ ਵਿਖੇ ਪਹੁੰਚੇ 4 ਨੌਜਵਾਨਾਂ ਨੇ ਜਦੋਂ ਆਪਣੀ ਦੁਖ ਭਰੀ ਕਹਾਣੀ ਅਤੇ ਵਾਪਸ ਭਾਰਤ ਆਉਣ ਲਈ ਮਦਦ ਦੀ ਗੁਹਾਰ ਲਗਾਉਂਦੇ ਹੋਏ ਭਗਵੰਤ ਮਾਨ ਨੂੰ ਸ਼ੋਸ਼ਲ ਮੀਡੀਆ 'ਤੇ ਅਪੀਲ ਕੀਤੀ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਰੀਬ 3-4 ਦਿਨਾਂ ਦੇ ਵਿਚ ਹੀ ਉਕਤ 4 ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਵਿਚ ਸਫਲ ਹੋ ਗਏ। ਉਥੇ ਹੀ ਦਿੱਲੀ ਏਅਰਪੋਰਟ 'ਤੇ ਉਕੱਤ ਨੌਜਵਾਨਾਂ ਨੂੰ ਲੈਣ ਲਈ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਗਵੰਤ ਮਾਨ ਨੂੰ ਆਪਣਾ ਮਸੀਹਾ ਦਸਦੇ ਹੋਏ ਢੇਰੋਂ ਦੁਆਵਾਂ ਦਿੱਤੀਆਂ ਅਤੇ ਭਾਵੁਕ ਹੋ ਕੇ ਬਾਰ-ਬਾਰ ਹੱਥ ਜੋੜ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ। ਅੱਜ ਬਾਹਰਲੇ ਮੁਲਕ ਅਰਮੀਨੀਆ 'ਚ ਫਸੇ 4 ਨੌਜਵਾਨਾਂ ਨੂੰ ਭਾਰਤ ਵਾਪਸੀ 'ਤੇ ਭਗਵੰਤ ਮਾਨ ਖੁਦ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਲੈਣ ਲਈ ਪਹੁੰਚੇ ਤਾਂ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ 'ਚ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਾ ਆਏ ਅਤੇ ਉਹ ਭਾਰਤ ਆਪਣੇ ਪਰਿਵਾਰਕ ਮੈਂਬਰਾਂ ਕੋਲ ਸਹੀ ਸਲਾਮਤ ਪਹੁੰਚ ਸਕਣ।'ਆਪ' ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਸਰਗਰਮ ਅਤੇ ਖੁੱਲੇਆਮ ਕੰਮ ਕਰ ਰਹੇ ਫਰਜ਼ੀ ਟਰੈਵਲ ਏਜੰਟਾਂ ਨੇ ਪੈਸਿਆਂ ਦੇ ਲਾਲਚ ਵਿਚ ਉਕੱਤ 4 ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਮੋਟੀ ਤਨਖਾਹ ਅਤੇ ਵਰਕ ਪਰਮਿਟ ਮਿਲੇਗਾ। ਜਿਸ 'ਤੇ ਨੌਜਵਾਨਾਂ ਨੇ ਭਰੋਸਾ ਕਰ ਲਿਆ ਅਤੇ ਉਨ੍ਹਾਂ ਨੂੰ ਫਰਜ਼ੀ ਟਰੈਵਲ ਏਜੰਟਾਂ ਨੇ ਬਾਹਰਲੇ ਮੁਲਕ ਅਰਮੀਨੀਆ ਵਿਖੇ ਭੇਜ ਦਿੱਤਾ। ਪਰੰਤੂ ਅਫਸੋਸ ਉਥੇ ਜਾ ਕੇ ਏਜੰਟ ਆਪਣੇ ਵਾਅਦੇ ਤੋਂ ਮੁੱਕਰ ਗਏ ਅਤੇ ਏਜੰਟਾਂ ਨੇ ਨੌਜਵਾਨਾਂ ਨੂੰ ਨਾ ਤਾਂ ਕੰਮ ਦਿਵਾਉਣ ਦਾ ਵਾਅਦਾ ਪੂਰਾ ਕੀਤਾ ਗਿਆ ਅਤੇ ਨਾ ਹੀ ਕੋਈ ਹੋਰ ਸਹੂਲਤ ਮੁਹੱਇਆ ਕਰਵਾਈ ਗਈ, ਸਗੋਂ ਵਿਰੋਧ ਕਰਨ 'ਤੇ ਇਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਕਰਕੇ ਇਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ। ਕਾਫੀ ਸਮੇਂ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਬੀਤੇ ਕੁਝ ਦਿਨ ਪਹਿਲਾਂ ਕੋਈ ਰਸਤਾ ਨਾ ਨਿਕਲਦਾ ਦੇਖ ਨੋਜਵਾਨਾਂ ਨੇ ਸ਼ੋਸ਼ਲ ਮੀਡੀਆ 'ਤੇ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕੀਤੀ। ਜਿਸ ਉਪਰ ਮਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਨੌਜਵਾਨਾਂ  ਨੂੰ ਭਾਰਤ ਵਾਪਸ ਆਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ।ਭਗਵੰਤ ਮਾਨ ਨੇ ਦੁੱਖ ਜਾਹਿਰ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਲੋਕ ਵਿਰੋਧੀ ਫੈਸਲੇ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਦੇਸ਼ ਵਿਚ ਰੁਜਗਾਰ ਮੁਹੱਈਆ ਨਾ ਹੋਣ ਕਰਕੇ ਬੇਰੁਜਗਾਰੀ ਦਾ ਸ਼ਿਕਾਰ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਜਿਸਦਾ ਸਭ ਤੋਂ ਜਿਆਦਾ ਫਾਇਦਾ ਫਰਜ਼ੀ ਟਰੈਵਲ ਏਜੰਟ ਉਠਾ ਰਹੇ ਹਨ, ਕਿਉਂਕਿ ਜਿਸ ਤਰ੍ਹਾਂ ਭਾਰੀ ਗਿਣਤੀ ਵਿਚ ਪੰਜਾਬ ਦੇ ਨੌਜ਼ਵਾਨ ਬਾਹਰਲੇ ਮੁਲਕਾਂ ਵੱਲ ਜਾ ਰਹੇ ਹਨ ਉਥੇ ਹੀ ਕੁੱਝ ਫਰਜ਼ੀ ਟਰੈਵਲ ਏਜੰਟ ਸਰਕਾਰ 'ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਧੜਾ-ਧੜ ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਠੱਗਣ ਲਈ ਅੱਡੇ (ਦੁਕਾਨ) ਖੋਲ ਰਹੇ ਹਨ। ਜਿਸਦਾ ਆਏ ਦਿਨ ਸੈਂਕੜੇ ਨੌਜਵਾਨਾਂ ਦੇ ਸ਼ਿਕਾਰ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਕੈਪਟਨ ਦੀ ਸਰਕਾਰ ਇਸ ਮਾਮਲੇ 'ਤੇ ਕੁੰਭ ਕਰਨੀ ਨੀਂਦ ਸੋ ਰਹੀ ਹੈ। ਮਾਨ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਦੇ ਬਣਾਏ ਦਬਾਅ ਕਾਰਨ ਹੀ ਦੋਸ਼ੀ ਟਰੈਵਲ ਏਜੰਟਾਂ 'ਤੇ ਮਾਮਲਾ ਦਰਜ ਹੋਇਆ ਹੈ। ਪਰ ਸਮੱਸਿਆ ਦੇ ਪੱਕੇ ਹੱਲ ਲਈ ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ (ਭਗਵੰਤ) ਜਾਂ ਵਿਦੇਸ਼ ਮੰਤਰਾਲਾ ਕਿੰਨੇ ਕੁ ਪੀੜਤ ਨੌਜਵਾਨਾਂ ਨੂੰ ਬਚਾ ਲੈਣਗੇ? ਇਸ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਨੂੰ ਫ਼ਰਜ਼ੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਮੁਹਿੰਮ ਵਿੱਢਣੀ ਪਵੇਗੀ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਪੰਜਾਬ 'ਚ ਰੋਜ਼ਗਾਰ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਪੈਣਗੇ।

ਹੋਰ ਖਬਰਾਂ »