ਔਟਵਾ, 9 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਲਈ ਪੁੱਜੇ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦੇ ਮੈਂਬਰਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਮਗਰੋਂ ਪਾਰਲੀਮੈਂਟ ਹਿਲ ਦੀ ਸੁਰੱਖਿਆ ਲਈ ਜ਼ਿੰਮੇਵਾਰ ਇਕਾਈ ਨੇ ਮੁਆਫ਼ੀ ਮੰਗਦਿਆਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦਾ ਭਰੋਸਾ ਦਿਤਾ ਹੈ। 'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦਾ ਇਕ ਵਫ਼ਦ ਪਿਛਲੇ ਦਿਨੀਂ ਪਾਰਲੀਮੈਂਟ ਹਿਲ 'ਤੇ ਪੁੱਜਾ ਜਿਸ ਦੇ ਮੈਂਬਰਾਂ ਨੂੰ ਕੈਫ਼ੇਟੇਰੀਆ ਵਿਚ ਉਡੀਕ ਕਰਨ ਲਈ ਆਖਿਆ ਗਿਆ। ਫ਼ੈਡਰੇਸ਼ਨ ਦੇ ਬੁਲਾਰੇ ਲੈਨ ਕਾਰਬੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਕ ਸਰਕਾਰੀ ਮੁਲਾਜ਼ਮ ਵਫ਼ਦ ਦੇ ਮੈਂਬਰਾਂ ਦੀਆਂ ਤਸਵੀਰਾਂ ਖਿੱਚਣ ਲੱਗਾ ਅਤੇ ਇਸ ਮਗਰੋਂ ਉਸ ਨੇ ਇਕ ਸੁਰੱਖਿਆ ਗਾਰਡ ਨੂੰ ਭੇਜ ਦਿਤਾ। ਕਾਰਬੀ ਮੁਤਾਬਕ ਗਾਰਡ ਨੇ ਵਫ਼ਦ ਦੇ ਮੈਂਬਰਾਂ ਨੂੰ ਕਾਲੀ ਚਮੜੀ ਵਾਲਾ ਆਖ ਕੇ ਉਥੋਂ ਚਲੇ ਜਾਣ ਦੀ ਹਦਾਇਤ ਦਿਤੀ ਜਦਕਿ ਸਾਰਿਆਂ ਕੋਲ ਪਾਸ ਮੌਜੂਦ ਸਨ। ਫ਼ੈਡਰੇਸ਼ਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਮਾਮਲਾ ਉਠਾਉਂਦਿਆਂ ਉਨ•ਾਂ ਕੋਲੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਇਸ ਘਟਨਾ 'ਤੇ ਟਿੱਪਣੀ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਗਈ ਹੈ। ਫ਼ੈਡਰੇਸ਼ਨ ਦੇ ਮੈਂਬਰ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਜੈਫ਼ ਰੀਗਨ ਨੂੰ ਵੀ ਮਿਲਣਾ ਚਾਹੁੰਦੇ ਹਨ। ਫ਼ਿਲਹਾਲ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਜੈਫ਼ ਰੀਗਨ ਨੇ ਕਿਹਾ ਕਿ ਉਨ•ਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਪਾਰਲੀਮਾਨੀ ਸੁਰੱਖਿਆ ਸੇਵਾ ਦੇ ਡਾਇਰੈਕਟਰ ਦੇ ਚੀਫ਼ ਆਫ਼ ਸਟਾਫ਼ ਜੋਸਫ਼ ਲਾਅ ਨੇ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਵੱਲੋਂ ਹਮੇਸ਼ਾ ਪੇਸ਼ੇਵਰ ਰਵੱਈਆ ਅਖ਼ਤਿਆਰ ਕਰਦਿਆਂ ਪਾਰਲੀਮੈਂਟ ਮੈਂਬਰਾਂ, ਮੁਲਾਜ਼ਮਾਂ ਅਤੇ ਵਿਜ਼ੀਟਰਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨ•ਾਂ ਅੱਗੇ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਬਿਹਤਰ ਉਪਰਾਲੇ ਕਰਨੇ ਹੋਣਗੇ। ਪਾਰਲੀਮਾਨੀ ਸੁਰੱਖਿਆ ਸੇਵਾ ਕਿਸੇ ਵੀ ਕਿਸਮ ਦੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਦੀ।

 

ਹੋਰ ਖਬਰਾਂ »