ਟੋਰਾਂਟੋ, 9 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜਨਵਰੀ ਦੌਰਾਨ 66 ਹਜ਼ਾਰ 800 ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਇਸ ਅਣਕਿਆਸੇ ਹੁਲਾਰੇ ਦੇ ਬਾਵਜੂਦ ਬੇਰੁਜ਼ਗਾਰੀ ਦਰ 5.6 ਫ਼ੀ ਸਦੀ ਤੋਂ ਵਧ ਕੇ 5.8 ਫ਼ੀ ਸਦੀ ਹੋ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪ੍ਰਾਈਵੇਟ ਸੈਕਟਰ ਵਿਚ ਜਨਵਰੀ ਦੌਰਾਨ ਰੁਜ਼ਗਾਰ ਦੇ ਇਕ ਲੱਖ 11 ਹਜ਼ਾਰ 500 ਨਵੇਂ ਮੌਕੇ ਪੈਦਾ ਹੋਏ ਪਰ ਸਵੈ-ਰੁਜ਼ਗਾਰ ਦੇ ਖੇਤਰ ਵਿਚ 60,700 ਨੌਕਰੀਆਂ ਖ਼ਤਮ ਹੋਣ ਕਾਰਨ ਅਸਲ ਅੰਕੜਾ ਕਾਫ਼ੀ ਹੇਠਾਂ ਆ ਗਿਆ। ਸੇਵਾਵਾਂ ਦੇ ਖੇਤਰ ਵਿਚ ਤਕਰੀਬਨ ਇਕ ਲੱਖ ਨੌਕਰੀਆਂ ਪੈਦਾ ਹੋਈਆਂ ਜਿਸ ਦਾ ਮੁੱਖ ਕਾਰਨ ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਨਵੇਂ ਉਦਮਾਂ ਦੀ ਸਥਾਪਤੀ ਨੂੰ ਮੰਨਿਆ ਜਾ ਰਿਹਾ ਹੈ। ਬੈਂਕ ਆਫ਼ ਮੌਂਟਰੀਅਲ ਦੇ ਮੁੱਖ ਆਰਥਿਕ ਮਾਹਰ ਡਗਲਸ ਪੋਰਟਰ ਨੇ ਕਿਹਾ ਕਿ ਬਿਨਾਂ ਸ਼ੱਕ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਪ੍ਰਭਾਵਸ਼ਾਲੀ ਰਹੀ ਅਤੇ ਪ੍ਰਾਈਵੇਟ ਸੈਕਟਰ ਵਿਚ ਹਾਂਪੱਖੀ ਨਜ਼ਾਰਾ ਦਿਖਾਈ ਦਿਤਾ। ਪਰ ਫਿਰ ਵੀ ਸਿਰਫ਼ ਇਕ ਮਹੀਨੇ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਰੁਜ਼ਗਾਰ ਖੇਤਰ ਬਾਰੇ ਸਪੱਸ਼ਟ ਤਸਵੀਰ ਤਿਆਰ ਕਰਨੀ ਬੇਹੱਦ ਮੁਸ਼ਕਲ ਹੈ। ਉਨ•ਾਂ ਕਿਹਾ ਕਿ ਕੈਨੇਡਾ ਦੀ ਵਸੋਂ ਅਤੇ ਕਿਰਤੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਹਰ ਮਹੀਨੇ ਵੱਡੀ ਗਿਣਤੀ ਵਿਚ ਨੌਕਰੀਆਂ ਦੀ ਜ਼ਰੂਰਤ ਹੋਵੇਗੀ। ਦੂਜੇ ਪਾਸੇ ਸਾਲਾਨਾ ਆਧਾਰ 'ਤੇ ਉਜਰਤਾਂ ਵਿਚ ਵਾਧੇ ਦੀ ਦਰ 1.8 ਫ਼ੀ ਸਦੀ ਦਰਜ ਕੀਤੀ ਜੋ ਦਸੰਬਰ ਦੇ ਮੁਕਾਬਲੇ 0.3 ਫ਼ੀ ਸਦੀ ਜ਼ਿਆਦਾ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਰੁਜ਼ਗਾਰ ਖੇਤਰ ਦੇ ਅੰਕੜਿਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂਕਿ ਭਵਿੱਖ ਵਿਚ ਵਿਆਜ ਦਰਾਂ ਨਿਰਾਧਰਤ ਕਰਨ ਵਿਚ ਮਦਦ ਮਿਲ ਸਕੇ। ਪਿਛਲੇ ਹਫ਼ਤੇ ਬੈਂਕ ਆਫ਼ ਕੈਨੇਡਾ ਦੀ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਵਿਲਕਿਨਜ਼ ਨੇ ਕਿਹਾ ਸੀ ਕਿ ਸਾਡਾ ਮੁਲਕ ਕਮਜ਼ੋਰ ਉਜਰਤ ਵਾਧੇ ਦੇ ਦੌਰ ਵਿਚੋਂ ਲੰਘ ਰਿਹੈ ਜਦੋਂ ਰੁਜ਼ਗਾਰ ਬਾਜ਼ਾਰ ਵਿਚ ਕਿਰਤੀਆਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਜ਼ਿਆਦਾਤਰ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਕੜਿਆਂ ਨੂੰ ਧਿਆਨ ਵਿਚ ਰੱਖ ਕੇ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦਾ ਫ਼ੈਸਲਾ ਨਹੀਂ ਲਿਆ ਜਾਵੇਗਾ ਅਤੇ 2019 ਦੇ ਦੂਜੇ ਅੱਧ ਤੱਕ ਹਾਲਾਤ ਨੂੰ ਵਿਚਾਰਨ ਮਗਰੋਂ ਹੀ ਕਿਸੇ ਸਿੱਟੇ 'ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

ਹੋਰ ਖਬਰਾਂ »