ਨਵੀਂ ਦਿੱਲੀ,  12 ਫਰਵਰੀ, (ਹ.ਬ.) : ਦਿੱਲੀ ਦੇ ਕਰੋਲਬਾਗ ਸਥਿਤ ਹੋਟਲ ਅਰਪਿਤ ਪੈਲੇਸ ਵਿਚ ਮੰਗਲਵਾਰ ਤੜਕੇ ਭਿਆਨਕ ਅੱਗ ਲੱਗ ਗਈ ਜਿਸ ਵਿਚ 17 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅੱਗ ਲੱਗਣ ਕਾਰਨ ਕਈ ਲੋਕ ਝੁਲਸ ਗਏ। ਜਾਣਕਾਰੀ ਮੁਤਾਬਕ ਹੋਟਲ ਦੀ ਉਪਰਲੀ ਮੰਜ਼ਿਲ ਵਿਚ ਅੱਗ ਲੱਗੀ। ਫਾਇਰ ਬ੍ਰਿਗੇਡ ਦੀ 26 ਗੱਡੀਆਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ, ਕਾਰੀਡੋਰ ਵਿਚ ਵੁਡਨ ਪੈਨਲ ਹੋਣ ਦੇ ਕਾਰਨ ਲੋਕਾਂ ਨੂੰ ਕਾਰੀਡੋਰ ਦੇ ਰਸਤੇ ਬਾਹਰ ਨਹੀਂ ਕੱਢਿਆ ਜਾ ਸਕਦਾ ਸੀ। ਜਾਣਕਾਰੀ ਮੁਤਾਬਕ ਕਰੋਲਬਾਗ ਦੇ ਹੋਟਲ ਅਰਪਿਤ ਪੈਲੇਸ ਵਿਚ ਅੱਗ ਸਵੇਰੇ ਕਰੀਬ ਸਾਢੇ ਚਾਰ ਵਜੇ ਲੱਗੀ। ਨੀਂਦ ਵਿਚ ਸੁੱਤੇ ਹੋਏ ਲੋਕ ਇਸ ਤੋਂ ਪਹਿਲਾਂ ਕੁੱਝ ਸਮਝਦੇ, ਅੱਗ ਫੈਲਦੀ ਚਲੀ ਗਈ। ਇਸ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਚੀਫ਼ ਫਾਇਰ ਅਫ਼ਸਰ ਮੁਤਾਬਕ ਦੋ ਲੋਕ ਬਿਲਡਿੰਗ ਤੋਂ ਕੁੱਦ ਪਏ। ਹੋਟਲ ਵਿਚ ਕੁਝ ਹੋਰ ਲੋਕਾਂ ਦੇ ਫਸੇ ਹੋਣ ਦੀ ਵੀ ਸੰਭਾਵਨਾ ਨੂੰ ਦੇਖਦੇ ਹੋਏ ਅੱਗ ਬੁਝਾਊ ਦਸਤੇ ਕਰਮੀ ਆਪਰੇਸ਼ਨ ਵਿਚ ਜੁਟੇ ਰਹੇ। ਫਾਇਰ ਅਫ਼ਸਰ ਸੁਨੀਲ ਚੌਧਰੀ ਨੇ ਦੱਸਿਆ ਕਿ ਅੱਗ 'ਤੇ ਸਵੇਰੇ ਕਰੀਬ 8 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਕੱਢ ਲਈਆਂ ਗਈਆਂ ਹਨ। ਕਰੀਬ 30 ਲੋਕਾਂ ਨੂੰ ਹੋਟਲ ਤੋਂ ਬਾਹਰ ਕੱਢ ਲਿਆ ਗਿਆ ਹੈ।

ਹੋਰ ਖਬਰਾਂ »