ਸੋਨੀਪਤ,  16 ਫਰਵਰੀ, (ਹ.ਬ.) : ਪਿੰਡ ਜੁਆਂ ਵਿਚ ਖੇਡ ਵਿਭਾਗ ਦੇ ਜ਼ਿਲ੍ਹਾ ਕੁਮਾਰ ਅਤੇ ਜ਼ਿਲ੍ਹਾ ਕੇਸਰੀ  ਦੰਗਲ ਵਿਚ ਹਿੱਸਾ ਲੈ ਰਹੇ ਭਲਵਾਨ ਦੀ ਸ਼ੁੱਕਰਵਾਰ ਨੂੰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਭਲਵਾਨ ਸਟੇਟ ਅਖਾੜਾ ਮੁਕਾਬਲਿਆਂ ਦਾ ਗੋਲਡ ਮੈਡਲਿਸਟ ਸੀ। ਦੰਗਲ ਵਿਚ 61 ਕਿਲੋ ਭਾਰ ਵਰਗ ਵਿਚ ਅਪਣੇ ਤਿੰਨ ਮੁਕਾਬਲੇ ਜਿੱਤ ਕੇ ਉਹ ਫਾਈਨਲ ਵਿਚ ਪਹੁੰਚ ਗਿਆ ਸੀ, ਉਹ ਸਟੇਡੀਅਮ ਵਿਚ ਬੈਂਚ 'ਤੇ ਬੈਠਾ ਸੀ।  ਵਾਰਦਾਤ ਤੋਂ ਬਾਅਦ ਗੰਨੇ ਦੇ ਖੇਤ ਵਿਚ ਵੜੇ ਹਮਲਵਾਰਾਂ ਨੂੰ ਪਿੰਡ ਵਾਸੀਆਂ ਅਤੇ ਭਲਵਾਨਾਂ ਨੇ ਦਬੋਚ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹੱਤਿਆ ਦੇ ਪਿੱਛੇ ਕਾਲਜ ਵਿਚ ਹੋਏ ਝਗੜੇ ਦੀ ਰੰਜਿਸ਼ ਦੱਸੀ ਜਾ ਰਹੀ ਹੈ।
ਪਿੰਡ ਗੜ੍ਹ ਮਿਰਕਪੁਰ ਨਿਵਾਸੀ ਕੇਸ਼ਵ (21) ਸ਼ੁੱਕਰਵਾਰ ਨੂੰ ਪਿੰਡ ਜੁਆਂ ਵਿਚ ਖੇਡ ਵਿਭਾਗ ਦੇ ਜ਼ਿਲ੍ਹਾ ਕੇਸਰੀ ਅਤੇ ਜ਼ਿਲ੍ਹਾ ਕੁਮਾਰ ਅਖਾੜਾ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਪੁੱਜਿਆ ਸੀ। ਉਸ ਨੇ ਦੁਪਹਿਰ ਤੱਕ 61 ਕਿਲੋ ਭਾਰ ਵਰਗ ਵਿਚ ਅਪਣੇ ਤਿੰਨ ਮੁਕਾਬਲੇ ਜਿੱਤ ਲਏ ਸਨ  ਤੇ ਹੁਣ ਉਸ ਦਾ ਫਾਈਨਲ ਹੋਣਾ ਸੀ। ਕੇਸ਼ਵ ਸਟੇਡੀਅਮ ਵਿਚ ਹੀ ਬੈਂਚ 'ਤੇ ਬੈਠ ਕੁਸ਼ਤੀ ਮੁਕਾਬਲੇ ਦੇਖ ਰਿਹਾ ਸੀ, ਉਦੋਂ ਹੀ ਤਿੰਨ ਨੌਜਵਾਨ ਉਸ ਦੇ ਕੋਲ ਆਏ। ਨੌਜਵਾਨਾਂ ਨੇ ਉਸ ਦੇ ਸਿਰ ਵਿਚ ਗੋਲੀ ਮਾਰੀ ਅਤੇ ਉਥੋਂ ਭੱਜ ਗਏ। ਅਚਾਨਕ ਹੋਏ ਹਮਲੇ ਤੋਂ ਬਾਅਦ ਕੇਸ਼ਵ ਨੂੰ ਤੁਰੰਤ ਖਾਨਪੁਰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਧਰ ਪਿੰਡ ਵਾਸੀਆਂ ਅਤੇ ਭਲਵਾਨਾਂ ਨੇ ਹਮਲਾਵਰਾਂ ਦਾ ਪਿੱਛਾ ਕੀਤਾ। ਹਮਲਾਵਰ ਭੱਜ ਕੇ ਗੰਨੇ ਦੇ ਖੇਤ ਵਿਚ ਵੜ ਗਏ, ਪਿੰਡ ਵਾਸੀਆਂ ਤੇ ਭਲਵਾਨਾਂ ਨੇ ਉਨ੍ਹਾਂ ਨੂੰ ਕਾਫੀ ਕੁਟਾਪਾ ਚਾੜ੍ਹਿਆ ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ। ਹਮਲਾਵਰਾਂ ਦੀ ਪਛਾਣ ਪਿੰਡ ਜੁਆਂ ਨਿਵਾਸੀ ਦਿਨੇਸ਼ , ਜੀਂਦ ਦੇ ਪਿੰਡ ਕਰਸੌਲ Îਨਿਵਾਸੀ  ਸਾਹਿਲ ਅਤੇ ਪਿੰਡ ਕਰੇਵੜੀ ਨਿਵਾਸੀ  ਇੱਕ ਨਾਬਾਲਗ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਕੁੱਟਮਾਰ ਤੋਂ ਬਾਅਦ ਜ਼ਖਮੀ ਤਿੰਨਾਂ ਹਮਲਾਵਰਾਂ ਨੂੰ ਹਸਪਤਾਲ ਭਰਤੀ ਕਰਾਇਆ।

ਹੋਰ ਖਬਰਾਂ »