ਸਨੇਹਾ ਨੇ 9 ਸਾਲ ਦੇ ਸੰਘਰਸ਼ ਮਗਰੋਂ ਜਿੱਤੀ ਜੰਗੀ

ਨਵੀਂ ਦਿੱਲੀ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਪੇਸ਼ੇ ਵਜੋਂ ਵਕੀਲ ਸਨੇਹਾ ਭਾਰਤ ਦੀ ਪਹਿਲੀ ਅਜਿਹੀ ਮਹਿਲਾ ਬਣ ਗਈ ਹੈ ਜਿਸ ਦੀ ਨਾ ਕੋਈ ਜਾਤ ਹੈ ਅਤੇ ਨਾ ਹੀ ਕੋਈ ਧਰਮ। ਸਨੇਹਾ ਨੇ ਖ਼ੁਦ ਸਰਕਾਰ ਤੋਂ 'ਨੋ ਕਾਸਟ-ਨੋ ਰਿਲੀਜਨ' ਦਾ ਇਹ ਸਰਟੀਫ਼ਿਕੇਟ ਬਣਵਾਇਆ ਹੈ ਪਰ ਇਸ ਨੂੰ ਬਣਵਾਉਣ ਵਿਚ 9 ਸਾਲ ਦਾ ਸਮਾਂ ਲੱਗ ਗਿਆ। ਤਾਮਿਲਨਾਡੂ ਦੇ ਵੇਲੂਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਤਿਰੂਪਤੂਰ ਕਸਬੇ ਵਿਚ ਰਹਿੰਦੀ ਹੈ। ਸਿਰਫ਼ ਸਨੇਹਾ ਹੀ ਨਹੀਂ ਉਸ ਦੇ ਮਾਤਾ-ਪਿਤਾ ਵੀ ਸਾਰੇ ਸਰਟੀਫ਼ਿਕੇਟਾਂ ਵਿਚ ਜਾਤ ਅਤੇ ਧਰਮ ਦਾ ਕਾਲਮ ਖ਼ਾਲੀ ਛਡਦੇ ਆਏ ਹਨ। 'ਦਾ ਹਿੰਦੂ' ਅਖ਼ਬਾਰ ਨਾਲ ਗੱਲਬਾਤ ਕਰਦਿਆਂ ਸਨੇਹਾ ਨੇ ਦੱਸਿਆ ਕਿ ਸਮਾਜਿਕ ਤਬਦੀਲੀ ਵਾਲੇ ਪਾਸੇ ਇਹ ਇਕ ਮਹੱਤਵਪੂਰਨ ਕਦਮ ਹੈ। ਸਨੇਹਾ ਮੁਤਾਬਕ ਉਸ ਦੇ ਸਾਰੇ ਸਰਟੀਫ਼ਿਕੇਟਾਂ ਵਿਚ ਜਾਤ ਅਤੇ ਧਰਮ ਵਾਲੇ ਕਾਲਮ ਖ਼ਾਲੀ ਹਨ ਜਿਨ੍ਹਾਂ ਵਿਚ ਜਨਮ ਸਰਟੀਫ਼ਿਕੇਟ ਅਤੇ ਸਕੂਲ ਦੇ ਸਾਰੇ ਸਰਟੀਫ਼ਿਕੇਟ ਸ਼ਾਮਲ ਹਨ। ਸਾਰੇ ਦਸਤਾਵੇਜ਼ਾਂ ਵਿਚ ਸਨੇਹਾ ਨੂੰ ਸਿਰਫ਼ ਭਾਰਤੀ ਦੱਸਿਆ ਗਿਆ ਹੈ। ਦੱਸ ਦੇਈਏ ਕਿ ਸਨੇਹਾ ਨੇ 2010 ਵਿਚ 'ਨੋ ਕਾਸਟ-ਨੋ ਰਿਲੀਜਨ' ਲਈ ਅਰਜ਼ੀ ਦਾਇਰ ਕੀਤੀ ਸੀ ਅਤੇ ਬੇਹੱਦ ਮੁਸ਼ਕਲ ਦੌਰ ਵਿਚੋਂ ਲੰਘਦਿਆਂ 5 ਫ਼ਰਵਰੀ 2019 ਨੂੰ ਇਹ ਸਰਟੀਫ਼ਿਕੇਟ ਉਨ੍ਹਾਂ ਨੂੰ ਮਿਲ ਗਿਆ। ਸਨੇਹਾ ਆਪਣੀਆਂ ਤਿੰਨ ਧੀਆਂ ਦੇ ਫ਼ਾਰਮ ਵਿਚ ਵੀ ਜਾਤ ਅਤੇ ਧਰਮ ਵਾਲੇ ਕਾਲਮ ਖ਼ਾਲੀ ਛੱਡ ਦਿੰਦੀ ਹੈ। ਸਨੇਹਾ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਦੱਖਣ ਭਾਰਤੀ ਫ਼ਿਲਮਾ ਦੇ ਅਦਾਕਾਰ ਕਮਲ ਹਾਸਨ ਨੇ ਸਨੇਹਾ ਅਤੇ ਉਨ੍ਹਾਂ ਦੇ ਸਰਟੀਫ਼ਿਕੇਟ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਵੀ ਕੀਤੀ।

ਹੋਰ ਖਬਰਾਂ »