ਬਰੈਂਪਟਨ ਵਿਚ ਸੋਗ ਵਜੋਂ ਕੌਮੀ ਝੰਡੇ ਝੁਕਾਏ ਗਏ

ਬਰੈਂਪਟਨ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : 11 ਸਾਲ ਦੀ ਮਾਸੂਮ ਰੀਆ ਰਾਜਕੁਮਾਰ ਦੇ ਕਤਲ ਨੇ ਪੂਰੇ ਕੈਨੇਡਾ ਨੂੰ ਝੰਜੋੜ ਕੇ ਰੱਖ ਦਿਤਾ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸੋਗ ਦਾ ਐਲਾਨ ਕਰਦਿਆਂ ਸਰਕਾਰੀ ਇਮਾਰਤਾਂ 'ਤੇ ਕੌਮੀ ਝੰਡੇ ਅੱਧੇ ਝੁਕਾਉਣ ਦੇ ਹੁਕਮ ਦੇ ਦਿਤੇ।  ਪੈਟ੍ਰਿਕ ਬ੍ਰਾਊਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰੈਂਪਟਨ ਸਿਟੀ ਕੌਂਸਲ ਇਸ ਹੌਲਨਾਕ ਘਟਨਾ ਤੋਂ ਬੇਹੱਦ ਦੁਖੀ ਹੈ ਜਿਸ ਦੌਰਾਨ 11 ਸਾਲ ਦੀ ਇਕ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਨੇ ਰੀਆ ਦੇ ਪਿਤਾ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਆਇਦ ਕਰ ਦਿਤਾ ਪਰ ਕੁਝ ਮੈਡੀਕਲ ਕਾਰਨਾਂ ਕਰ ਕੇ ਰੂਪੇਸ਼ ਰਾਜਕੁਮਾਰ ਨੂੰ ਹਸਪਤਾਲ ਲਿਜਾਣਾ ਪਿਆ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੁਲਿਸ ਅਗਲੇਰੀ ਕਾਰਵਾਈ ਕਰੇਗੀ। ਇਸੇ ਦਰਮਿਆਨ ਮਿਸੀਸਾਗਾ ਸਥਿਤ ਮੀਡੋਵੇਲ ਵਿਲੇਜ ਪਬਲਿਕ ਸਕੂਲ ਵੱਲੋਂ ਭੇਜੀ ਗਈ ਈਮੇਲ ਵਿਚ ਰੀਆ ਨਾਲ ਵਾਪਰੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਬੋਰਡ ਦੀ ਤਰਜਮਾਨ ਕਾਰਲਾ ਪਰੇਰਾ ਨੇ ਕਿਹਾ ਕਿ ਰੀਆ ਬੇਹੱਦ ਪ੍ਰਤਿਭਾਸ਼ਾਲੀ ਵਿਦਿਆਰਥਣ ਸੀ ਅਤੇ ਸਕੂਲ ਦਾ ਹਰ ਅਧਿਆਪਕ ਉਸ ਨੂੰ ਪਸੰਦ ਕਰਦਾ ਸੀ। ਸਕੂਲ ਵੱਲੋਂ ਰੀਆ ਦੀ ਯਾਦਗਾਰ ਵੀ ਸਥਾਪਤ ਕੀਤੀ ਗਈ ਜਿਥੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਰੀਆ ਦੇ ਮਾਤਾ-ਪਿਤਾ ਇਕੱਠੇ ਨਹੀਂ ਰਹਿੰਦੇ ਅਤੇ ਉਹ ਆਪਣੀ ਮਾਂ ਕੋਲ ਰਹਿੰਦੀ ਸੀ। ਰੀਆ ਆਪਣਾ ਜਨਮ ਦਿਨ ਮਨਾਉਣ ਪਿਤਾ ਰੂਪੇਸ਼ ਰਾਜਕੁਮਾਰ ਕੋਲ ਗਈ ਸੀ ਅਤੇ ਦੋਹਾਂ ਨੂੰ ਆਖਰੀ ਵਾਰ ਵੀਰਵਾਰ ਨੂੰ ਬਾਅਦ ਦੁਪਹਿਰ 3 ਵਜੇ ਮਿਸੀਸਾਗਾ ਦੇ ਹੁਰਉਨਟਾਰੀਓ ਸਟ੍ਰੀਟ ਅਤੇ ਡੈਰੀ ਰੋਡ ਇਲਾਕੇ ਵਿਚ ਵੇਖਿਆ ਗਿਆ। ਰੂਪੇਸ਼ ਨੇ ਸ਼ਾਮ 6 ਵਜੇ ਆਪਣੇ ਧੀ ਨੂੰ ਉਸ ਦੀ ਮਾਂ ਕੋਲ ਛੱਡਣਾ ਸੀ ਪਰ ਜਦੋਂ ਅਜਿਹਾ ਨਾ ਹੋਇਆ ਤਾਂ ਪੁਲਿਸ ਨੂੰ ਕਾਲ ਕਰਦਿਆਂ ਦੱਸਿਆ ਗਿਆ ਕਿ ਰੂਪੇਸ਼ ਨੇ ਖ਼ੁਦ ਨੂੰ ਅਤੇ ਬੇਟੀ ਨੂੰ ਨੁਕਸਾਨ ਪਹੁੰਚਾਉਣ ਦੇ ਸੰਕੇਤ ਦਿਤੇ ਸਨ। ਇਸ ਮਗਰੋਂ ਪੀਲ ਪੁਲਿਸ ਨੇ ਐਂਬਰ ਅਲਰਟ ਜਾਰੀ ਕਰ ਦਿਤਾ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੈ ਕਾਰਵਾਈ ਕਰਦਿਆਂ ਰੂਪੇਸ਼ ਨੂੰ ਟੋਰਾਂਟੋ ਤੋਂ 130 ਕਿਲੋਮੀਟਰ ਦੂਰ ਓਰੀਲੀਆ  ਤੋਂ ਕਾਬੂ ਕਰ ਲਿਆ ਗਿਆ।

ਹੋਰ ਖਬਰਾਂ »