ਕੈਲੀਫੋਰਨੀਆ,  18 ਫਰਵਰੀ, (ਹ.ਬ.) : ਅਮਰੀਕਾ ਵਿਚ ਇੱਕ ਵਾਰ ਮੁੜ ਸਿੱਖ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਭਾਰਤੀ ਸਿੱਖ 'ਤੇ ਕੈਲੀਫੋਰਨੀਆ ਦੇ ਇੱਕ ਰੈਸਟੋਰੈਂਟ ਵਿਚ ਹਮਲਾ ਕੀਤਾ ਗਿਆ। ਹਮਲਾਵਰ ਨੇ ਸਿੱਖ 'ਤੇ ਗਰਮ ਕੌਫੀ ਸੁੱਟ ਦਿੱਤੀ ਅਤੇ ਉਸ ਨੂੰ ਥੱਪੜ ਮਾਰਿਆ। ਮੀਡੀਆ ਰਿਪੋਰਟਾਂ ਮੁਤਾਬਕ, ਹਮਲਾਵਰ ਨੇ ਸਿੱਖ 'ਤੇ ਹਮਲਾ ਮੁਸਲਮਾਨ ਸਮਝ ਕੇ ਕੀਤਾ ਸੀ। ਹਮਲਾਵਰ ਦੀ ਪਛਾਣ ਜੌਨ ਕਰੇਨ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਮਲੇ ਦੀ ਇਹ ਘਟਨਾ ਬੁਧਵਾਰ ਦੇਰ ਰਾਤ ਮੈਰਿਜਵਿਲੇ ਵਿਚ ਇੱਕ ਰੈਸਟੋਰੈਂਟ ਵਿਚ ਵਾਪਰੀ। ਸਿੱਖ ਇਸੇ ਰੈਸਟੋਰੈਂਟ ਵਿਚ ਬਤੌਰ ਕਲਰਕ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਦੀ ਬਿਲ ਨੂੰ ਲੈ ਕੇ ਸਿੱਖ ਕਲਰਕ ਨਾਲ ਪਹਿਲਾਂ ਬਹਿਸ ਹੋਈ ਅਤੇ ਬਾਅਦ ਵਿਚ ਉਸ ਨੇ, ਉਸ 'ਤੇ ਗਰਮ ਕੌਫੀ ਸੁੱਟੀ ਤੇ ਥੱਪੜ ਮਾਰ ਕੇ ਉਥੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਸਿੱਖ ਨੇ ਇਸ ਦੀ ਸ਼ਿਕਾਇਤ ਪੁਲਿਸ ਵਿਚ ਕੀਤੀ। ਅਗਲੇ ਦਿਨ ਅਜਿਹੀ ਹੀ ਇੱਕ ਹੋਰ ਘਟਨਾ ਵਾਪਰੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਕਰੇਨ ਨੂੰ ਕਾਬੂ ਕਰ ਲਿਆ। ਪੁਛਗਿੱਛ ਵਿਚ ਹਮਲਾਵਰ ਨੇ ਬੀਤੀ ਰਾਤ ਸਿੱਖ 'ਤੇ ਹਮਲੇ ਦੀ ਗੱਲ ਕਬੂਲੀ। ਕਰੇਨ ਨੇ ਦੱਸਿਆ ਕਿ ਉਹ ਮੁਸਲਮਾਨਾਂ ਨਾਲ ਨਫਰਤ ਕਰਦਾ ਹੈ, ਇਸੇ ਕਾਰਨ ਉਸ ਨੇ  ਸਿੱਖ ਕਲਰਕ 'ਤੇ ਹਮਲਾ ਮੁਸਲਮਾਨ ਸਮਝ ਕੇ ਕੀਤਾ ਸੀ। ਪੁਲਿਸ ਨੇ ਕਰੇਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਯੂਬਾ ਕਾਊਂਟੀ ਜੇਲ੍ਹ ਭੇਜ ਦਿੱਤਾ। ਸਿੱਖ ਭਾਈਚਾਰੇ ਤੇ ਅਮਰੀਕੀ ਇਸਲਾਮਿਕ ਪ੍ਰੀਸ਼ਦ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। 

ਹੋਰ ਖਬਰਾਂ »