ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ‘ਜੈਸੇ ਕੋ ਤੈਸਾ’ ਨੀਤੀ ਅਪਣਾਉਣ ਦਾ ਸੱਦਾ

ਚੰਡੀਗੜ੍ਹ,  18 ਫਰਵਰੀ, (ਹ.ਬ.) : ਰੋਜ਼ਾਨਾ ਭਾਰਤੀ ਫੌਜੀਆਂ ਦੀਆਂ ਮੂਰਖਤਾਪੂਰਨ ਹੱਤਿਆਵਾਂ ਤੋਂ ਪੂਰਾ ਦੇਸ਼ ਤੰਗ ਹੋ ਜਾਣ ਦੀ ਗੱਲ ’ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁੱਧ ਤਿੱਖੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਨੇ ਫੌਜੀ, ਰਾਜਦੂਤਕ, ਆਰਥਿਕ ਕਾਰਵਾਈ ਜਾਂ ਤਿੰਨੇ ਕਾਰਵਾਈਆਂ ਇਕੱਠੀਆਂ ਕਰਨ ਦਾ ਸੁਝਾਅ ਦਿੱਤਾ ਹੈ। ਪੁਲਵਾਮਾ ਅੱਤਵਾਦੀ ਹਮਲੇ ਦੇ ਸੰਦਰਭ ਵਿੱਚ ਤਿੱਖੀ ਪਹੁੰਚ ਅਪਣਾਉਣ ਦੀ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਰਵਾਈ ਕਰਨ ਸਬੰਧੀ ਫੈਸਲਾ ਕੇਂਦਰ ਨੇ ਕਰਨਾ ਹੈ ਪਰ ਇਹ ਸਪਸ਼ਟ ਹੈ ਕਿ ਕੁਝ ਕਦਮ ਜ਼ਰੂਰੀ ਤੌਰ ’ਤੇ ਚੁਕਣੇ ਚਾਹੀਦੇ ਹਨ। ਕੁਝ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਕਾਰਵਾਈ ਚਾਹੁੰਦਾ ਹੈ। ਪੂਰੀ ਤਰਾਂ ਉਤੇਜਿਤ ਦਿਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ ਕੋਈ ਕਿਸੇ ਨੂੰ ਜੰਗ ਬਾਰੇ ਨਹੀਂ ਆਖ ਰਿਹਾ ਪਰ ਫੌਜੀਆਂ ਦੀਆਂ ਇਹ ਹੱਤਿਆਵਾਂ ਮਜ਼ਾਕ ਨਹੀਂ ਹਨ। ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਮੈਂ ਪੂਰੀ ਤਰਾਂ ਪ੍ਰੇਸ਼ਾਨ ਹਾਂ, ਸੱਮੁਚਾ ਦੇਸ਼ ਪ੍ਰੇਸ਼ਾਨ ਹੈ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜੰਗ ਲਈ ਨਹੀਂ ਆਖ ਰਹੇ ਪਰ ਉਹ ਲਾਜ਼ਮੀ ਤੌਰ ’ਤੇ ਪਾਕਿਸਤਾਨ ਵਿਰੁੱਧ ਜੈਸੇ ਕੋ ਤੈਸਾ ਦੀ ਨੀਤੀ ਅਪਣਾਏ ਜਾਣਾ ਚਾਹੁੰਦੇ ਹਨ।  
ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਸ ਕਰਕੇ ਭਾਰਤ ਨੂੰ ਬੰਦੀ ਨਹੀ ਬਣਾ ਸਕਦੇ ਕਿ ਉਹ ਪ੍ਰਮਾਣੂ ਦੇਸ਼ ਹੈ। ਇਥੋਂ ਤੱਕ ਕਿ ਅਸੀਂ ਵੀ ਪ੍ਰਮਾਣੂ ਸ਼ਕਤੀ ਹਾਂ। ਇਥੋ ਤੱਕ ਕਿ ਕਾਰਗਿਲ ਦੇ ਸਮੇਂ ਵੀ ਪਾਕਿਸਤਾਨ ਪ੍ਰਮਾਣੂ ਸਮਰੱਥਾ ਵਾਲਾ ਦੇਸ਼ ਹੋਣ ਦੀ ਗੱਲ ਆਖਦੇ ਹੋਏ ਉਨਾਂ ਕਿਹਾ ਕਿ ਇਸ ਗੱਲ ਦੇ ਬਾਵਜੂਦ ਭਾਰਤੀ ਫੌਜ ਨੇ ਉਸ ਨੂੰ ਹਰਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਪਾਕਿਸਤਾਨ ਕਿਸੇ ਵੀ ਹਾਲਤ ਵਿੱਚ ਪ੍ਰਮਾਣੂ ਹਥਿਆਰਾਂ ਦੀ ਕਦੀ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਅੰਤਰਰਾਸ਼ਟਰੀ ਦਬਾਅ ਉਸ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਨਾਂ ਸੁਝਾਅ ਦਿੱਤਾ ਕਿ ਨਵੀਂ ਦਿੱਲੀ ਨੂੰ ਪਾਕਿਸਤਾਨ ਦੀਆਂ ਅਜਿਹੀਆਂ ਗਿੱਦੜ ਭਭਕੀਆਂ ਵਿਰੁੱਧ ਡਟਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਕਿਹੜੀ ਕਾਰਵਾਈ ਕਰਨੀ ਹੈ, ਇਸ ਦਾ ਫੈਸਲਾ ਭਾਰਤੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਕਰਨਾ ਹੈ ਪਰ ਇਹ ਸਪਸ਼ਟ ਹੈ ਕਿ ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੱਲਬਾਤ ਦਾ ਸਮਾਂ ਹੁੰਦਾ ਹੈ ਪਰ ਹੁਣ ਗੱਲਬਾਤ ਦਾ ਸਮਾਂ ਨਹੀ ਹੈ। ਇਸ ਵੇਲੇ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਲੋਕ ਭਾਰਤ ਸਰਕਾਰ ਵੱਲੋਂ ਕੁਝ ਸਖਤ ਕਦਮ ਚੁੱਕੇ ਜਾਣਾ ਚਾਹੁੰਦੇ ਹਨ। ਸਾਬਕਾ ਫੌਜੀ ਜਿਸਦਾ ਪਹਿਲਾ ਪਿਆਰ ਹੀ ਫੌਜ ਹੈ, ਨੇ ਐਲਾਨ ਕੀਤਾ ਕਿ ਜੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਡੇ ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ ਕੁਝ ਕਰਨਾ ਪਵੇਗਾ। ਅੱਤਵਾਦੀਆਂ ਦੀਆਂ ਸੁਰੱਖਿਅਤ ਥਾਵਾਂ ਨੂੰ ਤਬਾਹ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਏ ਜਾਣ ਦਾ ਸੱਦਾ ਦਿੰਦੇ ਹੋਏ ਉਨਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਸੰਗਠਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਣਗੇ ਤਾਂ ਸਾਨੂੰ 82 ਮਾਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਅੱਖ ਬਦਲੇ ਅੱਖ ਅਤੇ ਦੰਦ ਬਦਲੇ ਦੰਦ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਫੌਜ ਓਦੋਂ ਤੋਂ ਹੀ ਨਰਮ ਰੁੱਖ ਅਪਣਾਉਂਦੀ ਆ ਰਹੀ ਜਦੋ ਉਹ 50 ਸਾਲ ਪਹਿਲਾਂ ਫੌਜ ਭਰਤੀ ਹੋਏ ਸਨ। ਉਨਾਂ ਕਿਹਾ ਕਿ ਉਨਾਂ ਨੂੰ ਕਸ਼ਮੀਰ ਵਿੱਚ ਨੌਜਵਾਨਾਂ ’ਤੇ ਗੋਲੀਆਂ ਦਾਗਣ ਦੀ ਥਾਂ ਜੈਸ਼-ਏ-ਮੁਹੰਮਦ ਦੇ ਪਿੱਛੇ ਪੈਣਾ ਚਾਹੀਦਾ ਹੈ। ਕਸ਼ਮੀਰੀਆਂ ਦੇ ਦਿੱਲ ਅਤੇ ਮਨ ਪਿਆਰ ਨਾਲ ਜਿੱਤਣ ’ਤੇ ਜ਼ੋਰ ਦਿੰਦੇ ਹੋਏ ਉਨਾਂ ਨੇ ਫੌਜ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਦੁਸ਼ਮਣਾ ਵਜੋਂ ਨਾ ਦੇਖੇ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੋ ਚੁੱਕਾ ਹੈ ਅਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤੇ ਜਾਣ ਦੀ ਜ਼ਰੂਰਤ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਬੜਾਵਾ ਦੇਣਾ ਅਤੇ ਦਖਲਅੰਦਾਜੀ ਕਰਨਾ ਛੱਡੇ। ਉਨਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਸਪਸ਼ਟ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵਿੱਚ ਸ਼ਕਤੀ ਫੌਜ ਦੇ ਹੱਥ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਫੌਜ ਵੱਲੋਂ ਮੁਕਰਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅੱਤਵਾਦ ਨਾਲ ਨਿਪਟਣ ਵਾਲੇ ਕਦਮ ਚੁਕਣੇ ਚਾਹੀਦੇ ਹਨ ਅਤੇ ਅਸੀ ਉਨਾਂ ਦਾ ਸਮਰੱਥਨ ਕਰਾਂਗੇ। ਉਨਾਂ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਰਾਅ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪੁਲਵਾਮਾ ਵਿੱਚ ਖੂਫੀਆ ਏਜੰਸੀਆਂ ਦੇ ਨਕਾਮ ਰਹਿਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਆਈ.ਐਸ.ਆਈ. ਵੱਲੋਂ ਪੰਜਾਬ ਵਿੱਚ ਵੀ ਅਜਿਹੀ ਸ਼ਰਾਰਤ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਰਨ ਦਾ ਜ਼ਿਕਰ ਕੀਤਾ ਜਿੱਥੇ ਉਸ ਨੂੰ ਅਸਫਲਤਾ ਹਾਸਲ ਨਹੀਂ ਹੋਈ। ਉਨਾਂ ਨੇ ਅਜਿਹੇ ਲੋਕਾਂ ਨਾਲ ਨਿਪਟਣ ਲਈ ਸਪੱਸ਼ਟ ਨੀਤੀ ਦਾ ਸੱਦਾ ਦਿੱਤਾ। ਉਨਾਂ ਕਿਹਾ,‘‘ਮੈਂ ਠੋਕ ਵਜਾ ਕੇ ਇਹ ਸੰਦੇਸ਼ ਦਿੱਤਾ ਹੈ ਕਿ ਸਾਡੀ ਪੁਲਿਸ ਫੋਰਸ ਹੁਣ 80ਵੇਂ ਅਤੇ 90ਵੇਂ ਦੇ ਦਹਾਕੇ ਵਾਲੀ ਨਹੀਂ ਹੈ। ਪੰਜਾਬ ਪੁਲਿਸ ਅਗਨੀ ਪ੍ਰੀਖਿਆ ’ਚੋਂ ਗੁਜ਼ਰ ਚੁੱਕੀ ਹੈ ਅਤੇ ਇਨਾਂ ਦੇ ਮਨਸੂਬਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ।’’ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਜੇਕਰ ਚੀਨ ਅਤੇ ਮੁਸਲਿਮ ਮੁਲਕ ਪਾਕਿਸਤਾਨ ਨੂੰ ਖੈਰਾਤ ਦੇਣੀ ਬੰਦ ਕਰ ਦੇਣ ਤਾਂ ਗੁਆਂਢੀ ਮੁਲਕ ਹੱਥਾਂ ਵਿੱਚ ਠੂਠਾ ਲੈ ਕੇ ਭਟਕੇਗਾ। ਉਨਾਂ ਨੇ ਪਾਕਿਸਤਾਨ ਵਿਰੁੱਧ ਆਲਮੀ ਪੱਧਰ ’ਤੇ ਕੂਟਨੀਤਿਕ ਰੁਖ ਅਖਤਿਆਰ ਕਰਨ ਦਾ ਸੱਦਾ ਦਿੰਦਿਆਂ ਗੁਆਂਢੀ ਮੁਲਕ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਠੱਲਣ ਲਈ ਸਖ਼ਤ ਕਦਮ ਚੁੱਕਣ ਲਈ ਆਖਿਆ। ਉਨਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਨਾਲ ਕੁਝ ਹਾਸਲ ਨਹੀਂ ਹੋਣਾ ਅਤੇ ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਰਤੀ ਸੈਨਿਕਾਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਪੁਲਵਾਮਾ ਹਮਲੇ ਦੇ ਮੱਦੇਨਜ਼ਰ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰਾਂ ਮੁਲਕ ਦਾ ਹਿੱਸਾ ਹਨ ਅਤੇ ਪੰਜਾਬ ਉਨਾਂ ਦੀ ਹਰ ਤਰਾਂ ਸੁਰੱਖਿਆ ਨੂੰ ਯਕੀਨੀ ਬਣਾਏਗਾ। ਫੌਜ ਵਿੱਚ ਏਕਤਾ ਦੀ ਮਾਣਮੱਤੀ ਮਿਸਾਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੋਰਸ ਵਿੱਚ ਹਰੇਕ ਇਕ ਪਰਿਵਾਰ ਹੁੰਦਾ ਹੈ ਅਤੇ ਅਸੀਂ ਧਰਮ ਤੋਂ ਨਹੀਂ ਆਪਣੇ ਯੂਨਿਟਾਂ ਤੋਂ ਪਛਾਣੇ ਜਾਂਦੇ ਹਾਂ।   ਮੁਹਾਲੀ ਸਟੇਡੀਅਮ ਤੋਂ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਹਟਾਉਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਵਾਕਫ਼ ਨਹੀਂ ਹਨ ਅਤੇ ਇਹ ਇਕ ਭਾਵੁਕ ਪ੍ਰਤੀਕ੍ਰਿਆ ਜਾਪਦੀ ਹੈ ਜੋ ਕਿਸੇ ਕਲਰਕ ਪੱਧਰ ਦੇ ਵਿਅਕਤੀ ਦੀ ਹੋ ਸਕਦੀ ਹੈ।  ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਪੁਲਵਾਮਾ ਘਟਨਾ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਪਿੱਛੇ ਨਹੀਂ ਧੱਕੇਗੀ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਦੀਆਂ ਖਾਹਿਸ਼ਾਂ ਹਕੀਕਤ ਵਿੱਚ ਬਦਲਣਗੀਆਂ ਅਤੇ ਉਨਾਂ ਦੇ ਦਾਦਾ ਜੀ ਇਸ ਨਾਲ ਬਹੁਤ ਨੇੜਿਓਂ ਜੁੜੇ ਹੋਏ ਸਨ ਜਿਨਾਂ ਨੇ ਸਾਲ 1920 ਤੋਂ ਬਾਅਦ ਇਸ ਦਾ ਨਿਰਮਾਣ ਕਰਵਾਇਆ ਸੀ।

ਹੋਰ ਖਬਰਾਂ »