ਟੋਰਾਂਟੋ, 9 ਮਾਰਚ (ਹਮਦਰਦ ਨਿਊਜ਼ ਸਰਵਿਸ): ਕੈਨੇਡਾ ਦੇ ਜ਼ਿਆਦਾਤਰ ਲੋਕ ਆਪਣੀਆਂ ਮੌਜੂਦਾ ਤਨਖ਼ਾਹਾਂ ਤੋਂ ਸੰਤੁਸ਼ਟ ਨਹੀਂ ਹਨ ਤੇ ਅੱਧੇ ਤੋਂ ਜ਼ਿਆਦਾ ਲੋਕ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਦੀ ਮੰਗ ਉਠਾਉਣ ਦੀ ਯੋਜਨਾ ਬਣਾ ਰਹੇ ਹਨ। ਸੈਨਸਸਵਾਈਡ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਇਹ ਪ੍ਰਗਟਾਵਾ ਹੋਇਆ ਹੈ। ਇਸ ਸਰਵੇ ਵਿੱਚ ਕੈਨੇਡਾ ਦੇ ਸਿਰਫ਼ 13 ਫ਼ੀਸਦੀ ਲੋਕਾਂ ਨੇ ਆਪਣੀਆਂ ਮੌਜੂਦਾ ਤਨਖ਼ਾਹ 'ਤੇ ਸੰਤੁਸ਼ਟੀ ਪ੍ਰਗਟਾਈ ਹੈ ਜਦਕਿ ਇੱਕ ਸਾਲ ਪਹਿਲਾਂ ਹੋਏ ਸਰਵੇਖਣ ਵਿੱਚ ਅਜਿਹੇ ਲੋਕਾਂ ਦੀ ਗਿਣਤੀ 17 ਫ਼ੀਸਦੀ ਸੀ। 53 ਫ਼ੀਸਦੀ ਲੋਕਾਂ ਦੀ ਆਪਣੀਆਂ ਤਨਖ਼ਾਹਾਂ ਤੋਂ ਸੰਤੁਸ਼ਟੀ ਵਿੱਚ ਗਿਰਾਵਟ ਆਈ ਹੈ। ਇਸ ਸਾਲ 2019 ਵਿੱਸ 8 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ ਕੈਨੇਡਾ ਦੇ 1000 ਨੌਕਰੀਪੇਸ਼ਾ ਲੋਕਾਂ 'ਤੇ ਆਨਲਾਈਨ ਇਹ ਸਰਵੇ ਕੀਤਾ ਗਿਆ ਹੈ। ਕੈਨੇਡਾ ਵਿੱਚ ਇਸ ਸਮੇਂ ਸੱਭ ਤੋਂ ਘੱਟ ਬੇਰੁਜ਼ਗਾਰੀ ਦੀ ਦਰ ਹੈ। ਨਵੰਬਰ ਵਿੱਚ ਇਹ ਦਰ 5.6 ਫ਼ੀਸਦੀ ਸੀ ਜੋ ਲਗਭਗ 40 ਸਾਲ ਦੇ ਬਾਅਦ ਤੋਂ ਸੱਭ ਤੋਂ ਘੱਟ ਦਰ ਹੈ ਹਾਲਾਂਕਿ ਕੁੱਝ ਖੇਤਰਾਂ ਵਿੱਚ ਵਧੀਆ ਕੰਮ ਲਭਣਾ ਚੁਣੌਤੀ ਬਣਿਆ ਹੋਇਆ ਹੈ। ਹਾਲ ਵੀ ਵਿੱਚ ਜਾਰੀ ਹੋਏ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਫ਼ਰਵਰੀ ਮਹੀਨੇ ਵਿੱਚ ਕੈਨੇਡਾ ਵਿੱਚ 56 ਹਜ਼ਾਰ ਨਵੀਆਂ ਨੌਕਰੀਆਂ ਜੁੜੀਆਂ ਹਨ। ਨੌਕਰੀਆਂ ਵਿੱਚ ਇਹ ਵਾਧਾ ਅਰਥਸ਼ਾਸਤਰੀਆਂ ਦੀ ਆਸ ਤੋਂ ਕਾਫ਼ੀ ਜ਼ਿਆਦਾ ਹੈ। ਇਨ੍ਹਾਂ ਨਵੀਆਂ ਨੌਕਰੀਆਂ ਵਿੱਚੋਂ ਜ਼ਿਆਦਾਤਰ ਨੌਕਰੀਆਂ ਓਨਟਾਰੀਓ ਵਿੱਚ ਹੀ ਪੈਦਾ ਹੋਈਆਂ ਹਨ। 

ਹੋਰ ਖਬਰਾਂ »