ਟੋਰਾਂਟੋ ਰਹਿੰਦੇ ਪਰਵਾਰ ਦੇ 2 ਜੀਆਂ ਸਣੇ ਚਾਰ ਭਾਰਤੀ ਵੀ ਸ਼ਾਮਲ

ਟੋਰਾਂਟੋ, 11 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਇਥੋਪੀਆ ਵਿਚ ਐਤਵਾਰ ਨੂੰ ਵਾਪਰਿਆ ਹਵਾਈ ਹਾਦਸਾ ਕੈਨੇਡਾ ਲਈ ਤਬਾਹਕੁੰਨ ਸਾਬਤ  ਹੋਇਆ ਜਿਸ ਵਿਚ 18 ਕੈਨੇਡੀਅਨਜ਼ ਦੀ ਮੌਤ ਹੋ ਗਈ। ਹਾਦਸੇ ਦੌਰਾਨ ਚਾਰ ਭਾਰਤੀ ਵੀ ਮਾਰੇ ਗਏ ਜਿਨ•ਾਂ ਵਿਚੋਂ ਦੋ ਟੋਰਾਂਟੋ ਦੇ ਵਸਨੀਕ ਸਨ।  ਭਾਰਤੀ ਨਾਗਰਿਕਾਂ ਦੀ ਪਛਾਣ ਵੈਦਿਆ ਪੰਨਾਗੇਸ਼ ਭਾਸਕਰ, ਵੈਦਿਆ ਹਾਸਿਨ ਅੰਨਾਗੇਸ਼, ਐਨ. ਮਨੀਸ਼ਾ ਅਤੇ ਸ਼ਿਖਾ ਗਰਗ ਵਜੋਂ ਕੀਤੀ ਗਈ ਹੈ। ਸ਼ਿਖਾ ਗਰਗ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਵਿਭਾਗ ਵਿਚ ਸਲਾਹਕਾਰ ਵਜੋਂ ਕੰਮ ਕਰ ਰਹੀ ਸੀ। ਹਾਦਸੇ ਵਿਚ ਅਮਰੀਕਾ, ਜਰਮਨੀ, ਬਰਤਾਨੀਆ, ਫ਼ਰਾਂਸ ਅਤੇ ਇਟਲੀ ਸਣੇ 35 ਮੁਲਕਾਂ ਦੇ ਨਾਗਰਿਕ ਮਾਰੇ ਗਏ ਅਤੇ ਐਵੀਏਸ਼ਨ ਉਦਯੋਗ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਇਕ ਹਾਦਸੇ ਵਿਚ ਐਨੇ ਮੁਲਕਾਂ ਦੇ ਨਾਗਰਿਕਾਂ ਦੀ ਜਾਨ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ 18 ਕੈਨੇਡੀਅਨ ਨਾਗਰਿਕਾਂ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ•ਾਂ ਦੇ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਕੌਂਸਲਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਹੋਰ ਵੇਰਵੇ ਇਕੱਤਰ ਕਰਨ ਲਈ ਅਧਿਕਾਰੀ ਦਿਨ-ਰਾਤ ਜੁਟੇ ਹੋਏ ਹਨ। ਜਸਟਿਨ ਟਰੂਡੋ ਨੇ ਹਾਦਸੇ ਵਿਚ ਮਾਰੇ ਗਏ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਥੋਪੀਆ ਦੇ ਪ੍ਰਧਾਨ ਮੰਤਰੀ ਅਤੇ ਕੀਨੀਆ ਦੇ ਰਾਸ਼ਟਰਪਤੀ ਨਾਲ ਵੀ ਦੁੱਖ ਸਾਂਝਾ ਕਰ ਚੁੱਕੇ ਹਨ। ਚੇਤੇ ਰਹੇ ਕਿ ਹਵਾਈ ਹਾਦਸੇ ਵਿਚ ਸਭ ਤੋਂ ਜ਼ਿਆਦਾ ਮੌਤਾਂ ਕੀਨੀਆ ਅਤੇ ਇਥੋਪੀਅਨ ਨਾਗਰਿਕਾਂ ਦੀਆਂ ਹੋਈਆਂ। ਕੈਨੇਡੀਅਨ ਨਾਗਰਿਕਾਂ ਦੇ ਰਿਸ਼ਤੇਦਾਰ ਅਤੇ ਦੋਸਤ ਕਿਸੇ ਵੀ ਕਿਸਮ ਦੀ ਮਦਦ ਲਈ ਗਲੋਬਲ ਅਫ਼ੇਅਰਜ਼ ਮੰਤਰਾਲ ਦੇ ਐਮਰਜੰਸੀ ਨੰਬਰ 613-996-8885 ਜਾਂ 1-800-387-3124 'ਤੇ ਸੰਪਰਕ ਕਰ ਸਕਦੇ ਹਨ ਜਾਂ sos0international.gc.ca 'ਤੇ ਈਮੇਲ ਕੀਤੀ ਜਾ ਸਕਦੀ ਹੈ। ਇਥੋਪੀਆ ਵਿਚ ਮੌਜੂਦ ਕੈਨੇਡੀਨ ਨਾਗਰਿਕਾਂ ਵੱਲੋਂ ਕੌਂਸਲਰ ਸਹਾਇਤਾ ਲਈ ਅਦੀਸ ਅਬਾਬਾ ਸਥਿਤ ਕੈਨੇਡੀਅਨ ਅੰਬੈਸੀ ਨਾਲ 251(0)11317-0000 'ਤੇ ਸੰਪਰਕ ਕੀਤਾ ਜਾ ਸਕਦਾ ਹੈ।  ਇਸੇ ਦਰਮਿਆਨ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟੋਰਾਂਟੋ ਸਥਿਤ ਵੈਦਿਆ ਪੰਨਾਗੇਸ਼ ਦੇ ਬੇਟੇ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਸੁਸ਼ਮਾ ਸਵਰਾਜ ਨੇ ਇਥੋਪੀਆ ਸਥਿਤ ਭਾਰਤੀ ਕੌਂਸਲੇਟ ਨੂੰ ਹਦਾਇਤ ਦਿਤੀ ਕਿ ਪੀੜਤ ਪਰਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ।

ਹੋਰ ਖਬਰਾਂ »