ਯੂਰਪੀ ਮੁਲਕਾਂ, ਆਸਟ੍ਰੇਲੀਆ ਅਤੇ ਭਾਰਤ ਨੇ ਵੀ ਉਡਾਣ 'ਤੇ ਲਾਈ ਪਾਬੰਦੀ

ਟੋਰਾਂਟੋ/ਨਵੀਂ ਦਿੱਲੀ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਮੂਲ ਦੇ ਕੈਨੇਡੀਅਨ ਪਰਵਾਰ ਪਰਵਾਰ ਸਣੇ 157 ਜਣਿਆਂ ਦੀ ਮੌਤ ਦਾ ਕਾਰਨ ਬਣੇ ਬੋਇੰਗ 737 ਮੈਕਸ-8 ਜਹਾਜ਼ ਦਾ ਖੌਫ਼ ਪੂਰੀ ਦੁਨੀਆ ਵਿਚ ਫੈਲ ਗਿਆ ਹੈ ਅਤੇ ਹੁਣ ਯੂਰਪੀ ਮੁਲਕਾਂ, ਆਸਟ੍ਰੇਲੀਆ ਤੇ ਭਾਰਤ ਨੇ ਵੀ ਇਸ ਮਾਡਲ ਦੇ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਾ ਦਿਤੀ ਹੈ ਜਦਕਿ ਅਮਰੀਕਾ ਤੇ ਕੈਨੇਡਾ ਰੋਕ ਨਾ ਲਾਉਣ ਦੇ ਸਟੈਂਡ 'ਤੇ ਅੜੇ ਹੋਏ ਹਨ। ਦੁਨੀਆਂ ਦੇ 70 ਫ਼ੀ ਸਦੀ ਮੁਲਕਾਂ ਵੱਲੋਂ ਜਹਾਜ਼ ਗਰਾਊਂਡ ਕਰਨ ਦੇ ਬਾਵਜੂਦ ਉਧਰ ਅਮਰੀਕਾ ਅਤੇ ਕੈਨੇਡਾ ਵਿਚ 737 ਦੀਆਂ ਉਡਾਣਾਂ ਬਰਕਰਾਰ ਹਨ। ਲੋਕਾਂ ਵਿਚ ਬੋਇੰਗ 737 ਜਹਾਜ਼ ਦੇ ਖੌਫ਼ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਫਲਾਈਟ ਬੁੱਕ ਕਰਨ ਮਗਰੋਂ ਪਹਿਲਾ ਸਵਾਲ ਇਹ ਪੁੱਛਣ ਲੱਗੇ ਹਨ ਕਿ ਏਅਰਲਾਈਨ ਵੱਲੋਂ ਕਿਹੜੇ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਯੂਰਪੀ ਮੁਲਕਾਂ ਦੀ ਪਾਬੰਦੀ ਦੇ ਮੱਦੇਨਜ਼ਰ ਏਅਰ ਕੈਨੇਡਾ ਨੂੰ ਬੋਇੰਗ 737 ਮੈਕਸ ਹਵਾਈ ਜਹਾਜ਼ ਦੇ ਰੂਪ ਵਿਚ ਇੰਗਲੈਂਡ ਜਾਣ ਵਾਲੀਆਂ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰ ਕੈਨੇਡਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਮੌਂਟਰੀਅਲ, ਔਟਵਾ ਅਤੇ ਟੋਰਾਂਟੋ ਸਥਿਤ ਸੰਚਾਲਨ ਕੇਂਦਰਾਂ ਰਾਹੀਂ ਮੁੜ ਤੋਂ ਬੁਕਿੰਗ ਸ਼ੁਰੂ ਕੀਤੀ ਗਈ ਹੈ। ਭਾਰਤ ਵਿਚ ਬੁੱਧਵਾਰ ਸ਼ਾਮ 4 ਵਜੇ ਤੋਂ ਸਾਰੇ ਬੋਇੰਗ 737 ਮੈਕਸ ਜਹਾਜ਼ ਗਰਾਊਂਡ ਕਰ ਦਿਤੇ ਗਏ। ਭਾਰਤ ਦੇ ਸਿਵਲ ਐਵੀਏਸ਼ਨ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੀਆਂ ਹਵਾਈ ਸੇਵਾ ਕੰਪਨੀਆਂ ਵੱਲੋਂ ਬੋਇੰਗ 737 ਮੈਕਸ 8 ਹਵਾਈ ਜਹਾਜ਼ਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਗਈ ਹੈ। 

ਹੋਰ ਖਬਰਾਂ »