ਸਕ੍ਰੀਨਿੰਗ ਮੁਲਾਜ਼ਮਾਂ ਨੂੰ ਕ੍ਰਿਪਾਨ ਦਾ ਪੂਰਨ ਸਤਿਕਾਰ ਕਰਨ ਦੇ ਹੁਕਮ

ਔਟਵਾ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅੰਮ੍ਰਿਤਧਾਰੀ ਸਿੱਖਾਂ ਨੂੰ ਹੁਣ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਕ੍ਰਿਪਾਨ ਦੀ ਜਾਂਚ ਦੌਰਾਨ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਡਬਲਿਊ.ਐਸ.ਓ. ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕੈਨੇਡਾ ਏਅਰ ਟ੍ਰਾਂਸਪੋਰਟ ਐਂਡ ਸੇਫ਼ਟੀ ਏਜੰਸੀ ਨੇ ਹਵਾਈ ਅੱਡਾ ਮੁਲਾਜ਼ਮਾਂ ਨੂੰ ਹਦਾਇਤ ਦਿਤੀ ਹੈ ਕਿ ਜਾਂਚ ਪ੍ਰਕਿਰਿਆ ਦੌਰਾਨ ਕ੍ਰਿਪਾਨ ਦਾ ਪੂਰਨ ਸਤਿਕਾਰ ਕੀਤਾ ਜਾਵੇ।  ਨਵੰਬਰ 2017 ਵਿਚ ਕੈਨੇਡਾ ਸਰਕਾਰ ਨੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਵਿਚ ਕ੍ਰਿਪਾਨ ਸਮੇਤ ਸਫ਼ਰ ਕਰਨ ਦੀ ਇਜਾਜ਼ਤ ਦੇ ਦਿਤੀ ਸੀ। ਸਿੱਖ ਮੁਸਾਫ਼ਰ 6 ਸੈਂਟੀਮੀਟਰ ਤੱਕ ਦੀ ਕ੍ਰਿਪਾਨ ਧਾਰਨ ਕਰ ਕੇ ਕੈਨੇਡਾ ਵਿਚ ਹਵਾਈ ਸਫ਼ਰ ਕਰ ਸਕਦੇ ਸਨ ਜਦਕਿ ਕੌਮਾਂਤਰੀ ਸਫ਼ਰ ਦੇ ਮਾਮਲੇ ਵਿਚ ਅਮਰੀਕਾ ਜਾਣ ਵਾਲੇ ਜਹਾਜ਼ਾਂ ਵਿਚ ਸਫ਼ਰ ਲਈ ਇਹ ਛੋਟ ਨਾ ਦਿਤੀ ਗਈ। ਫ਼ੈਡਰਲ ਸਰਕਾਰ ਦੇ ਹੁਕਮਾਂ ਮਗਰੋਂ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਕ੍ਰਿਪਾਨ ਉਤਾਰੇ ਬਗ਼ੈਰ ਅਤੇ ਪੂਰੇ ਸਤਿਕਾਰ ਨਾਲ ਇਸ ਦੀ ਪੜਤਾਲ ਹੋਣੀ ਚਾਹੀਦੀ ਸੀ ਪਰ ਜਨਵਰੀ 2019 ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕੈਨੇਡਾ ਏਅਰ ਟ੍ਰਾਂਸਪੋਰਟ ਐਂਡ ਸੇਫ਼ਟੀ ਏਜੰਸੀ ਕੋਲ ਸ਼ਿਕਾਇਤ ਦਾਇਰ ਕੀਤੀ ਕਿ ਰੈਜਾਈਨਾ ਏਅਰਪੋਰਟ 'ਤੇ ਸਕ੍ਰੀਨਿੰਗ ਦੌਰਾਨ ਅੰਮ੍ਰਿਤਧਾਰੀ ਸਿੱਖ ਨੂੰ ਵਾਰ-ਵਾਰ ਕ੍ਰਿਪਾਨ ਉਤਾਰਨ ਲਈ ਮਜਬੂਰ ਕੀਤਾ ਗਿਆ। ਬਲਪ੍ਰੀਤ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਕਿਸੇ ਵੀ ਸਿੱਖ ਮੁਸਾਫ਼ਰ ਨੂੰ ਕ੍ਰਿਪਾਨ ਉਤਾਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਕੈਨੇਡਾ ਏਅਰ ਟ੍ਰਾਂਸਪੋਰਟ ਐਂਡ ਸੇਫ਼ਟੀ ਏਜੰਸੀ ਨੇ ਮਾਮਲੇ ਦੀ ਘੋਖ ਕੀਤੀ ਅਤੇ ਵੀਡੀਉ ਫ਼ੁਟੇਜ ਵੀ ਵੇਖੀ ਗਈ ਜਿਸ ਮਗਰੋਂ ਰੈਜਾਈਨਾ ਹਵਾਈ ਅੱਡੇ ਦੇ ਪ੍ਰਬੰਧਕਾਂ ਨੂੰ ਹਦਾਇਤ ਦਿਤੀ ਗਈ ਕਿ ਅੰਮ੍ਰਿਤਧਾਰੀ ਸਿੱਖਾਂ ਦੀ ਸੁਰੱਖਿਆ ਜਾਂਚ ਦੌਰਾਨ ਕ੍ਰਿਪਾਨ ਦਾ ਪੂਰਨ ਸਤਿਕਾਰ ਯਕੀਨੀ ਬਣਾਇਆ ਜਾਵੇ ਅਤੇ ਮੁਲਾਜ਼ਮਾਂ ਨੂੰ ਇਸ ਬਾਰੇ ਸਿਖਲਾਈ ਦਿਤੀ ਜਾਵੇ। ਇਸ ਦੇ ਨਾਲ ਹੀ ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ਨੂੰ ਇਹ ਹੁਕਮ ਜਾਰੀ ਕਰ ਦਿਤੇ ਗਏ। ਬਲਪ੍ਰੀਤ ਸਿੰਘ ਨੇ ਕੈਨੇਡਾ ਏਅਰ ਟ੍ਰਾਂਸਪੋਰਟ ਐਂਡ ਸੇਫ਼ਟੀ ਏਜੰਸੀ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ, ''ਵਰਲਡ ਸਿੱਖ ਆਰਗੇਨਾਈਜ਼ੇਸ਼ਨ  ਤਾਜ਼ਾ ਹੁਕਮਾਂ ਨੂੰ ਹਾਂਪੱਖੀ ਤਬਦੀਲੀ ਮੰਨਦੀ ਹੈ ਅਤੇ ਉਮੀਦ ਕਰਦੀ ਹੈ ਕਿ ਸਿੱਖਾਂ ਨੂੰ ਭਵਿੱਖ ਵਿਚ ਹਵਾਈ ਸਫ਼ਰ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਹੋਰ ਖਬਰਾਂ »