ਚੰਡੀਗੜ੍ਹ, 14 ਮਾਰਚ, (ਹ.ਬ.) : ਪੰਜਾਬ ਵਿਚ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਦਿੱਤੀ ਗਈ  ਅਣਅਧਿਕਾਰਤ ਸੁਰੱਖਿਆ ਵਾਪਸ ਲੈ ਲਈ ਗਈ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣ ਕਮਿਸ਼ਨ ਨੇ ਸੂਬੇ ਵਿਚ ਨੇਤਾਵਾਂ, ਅਫ਼ਸਰਾਂ ਅਤੇ ਰਸੂਖਦਾਰ ਲੋਕਾਂ ਨੂੰ ਦਿੱਤੀ ਅਣਅਧਿਕਾਰਤ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਦਿੱਤਾ ਸੀ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਸ ਬਾਰੇ ਵਿਚ ਆਦੇਸ਼ ਜਾਰੀ ਕੀਤਾ। ਹੁਣ ਤੱਕ ਕਰੀਬ 1500 ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਅ ਹੈ।ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਪਿਛਲੇ ਦਿਨੀਂ ਪੰਜਾਬ ਦੇ ਵਿਭਿੰਨ ਖੇਤਰਾਂ ਵਿਚ ਜ਼ਿਲ੍ਹਾ ਪੁਲਿਸ ਵਲੋ ਅਪਣੇ ਪੱਧਰ 'ਤੇ ਨੇਤਾਵਾਂ, ਅਫ਼ਸਰਾਂ ਅਤੇ ਰਸੂਖਦਾਰ ਲੋਕਾਂ ਨੂੰ ਸੁਰੱਖਿਆ ਦੇਣ ਦਾ ਗੰਭੀਰ ਨੋਟਿਸ ਲਿਆ ਸੀ। ਸੁਰੱਖਿਆ ਦੇਣ ਦੇ ਲਈ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਹੋਏ ਸਨ। ਕਮਿਸ਼ਨ ਨੇ ਡੀਜੀਪੀ ਨੂੰ ਇਸ ਸਬੰਧੀ ਤੁਰੰਤ ਐਕਸ਼ਨ ਲੈਣ ਦੇ ਹੁਕਮ ਦਿੱਤੇ ਸਨ।ਇਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਪੁਲਿਸ ਕਮਿਸ਼ਨਰ, ਐਸਐਸਪੀ ਅਤੇ ਬਟਾਲੀਅਨ ਦੇ ਕਮਾਂਡੈਂਟਸ ਪੱਧਰ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਪੂਰੇ ਪੰਜਾਬ ਵਿਚ ਅਫ਼ਸਰਾਂ ਦੇ ਨਾਲ ਤੈਨਾਤ ਅਣ ਅਧਿਕਾਰਤ ਗੰਨਮੈਨ ਤੁਰੰਤ ਵਾਪਸ ਲਏ ਜਾਣ। ਪੰਜਾਬ ਵਿਚ ਕਰੀਬ ਦੋ ਹਜ਼ਾਰ ਗੰਨਮੈਨਾਂ ਨੂੰ ਇਸ ਤਰ੍ਹਾਂ ਸੁਰੱਖਿਆ ਵਿਚ ਤੈਨਾਤ ਕੀਤਾ ਗਿਆ ਸੀ।ਕੁਝ ਸਮਾਂ ਪਹਿਲਾਂ ਸੂਬੇ ਵਿਚ ਸੁਰੱਖਿਆ ਘੇਰੇ ਦੀ ਸਮੀਖਿਆ ਕਰਵਾਏ ਜਾਣ 'ਤੇ ਡੀਜੀਪੀ ਨੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਜ਼ਿਲ੍ਹਾ ਅਤੇ ਸ਼ਹਿਰੀ ਪੁਲਿਸ ਮੁਖੀਆਂ ਦੀ ਆਲੋਚਨ ਵੀ ਕੀਤੀ। ਕਿਊਂਕਿ ਪੁਲਿਸ ਮੁਖੀਆਂ ਵਲੋਂ ਸੁਰੱਖਿਆ ਵਿੰਗ ਦੀ ਆਗਿਆ ਦੇ ਬਗੈਰ ਅਪਣੇ ਪੱਧਰ 'ਤੇ ਸੁਰੱਖਿਆ ਵੰਡ ਦਿੱਤੀ ਸੀ।

ਹੋਰ ਖਬਰਾਂ »