ਟੋਰਾਂਟੋ/ਵਾਸ਼ਿੰਗਟਨ, 14 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਆਖਰਕਾਰ ਕੈਨੇਡਾ ਅਤੇ ਅਮਰੀਕਾ ਨੇ ਵੀ ਕੌਮਾਂਤਰੀ ਦਬਾਅ ਅੱਗੇ ਗੋਡੇ ਟੇਕਦਿਆਂ ਬੋਇੰਗ 737 ਮੈਕਸ ਜਹਾਜ਼ਾਂ ਦੇ ਉਡਾਣ ਭਰਨ 'ਤੇ ਪਾਬੰਦੀ ਲਾ ਦਿਤੀ। ਦੂਜੇ ਪਾਸੇ ਹਵਾਈ ਜਹਾਜ਼ਾਂ ਦੀ ਕਮੀ ਕਾਰਨ ਮੁਸਾਫ਼ਰਾਂ ਲਈ ਉਡੀਕ ਸਮਾਂ ਵਧਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੈਨੇਡੀਅਨ ਏਅਰਲਾਈਨਜ਼ ਦੁਆਰਾ 41 ਮੈਕਸ ਜਹਾਜ਼ ਚਲਾਏ ਜਾ ਰਹੇ ਸਨ ਜਿਨ•ਾਂ ਵਿਚੋਂ 24 ਏਅਰ ਕੈਨੇਡਾ, 13 ਵੈਸਟ ਜੈਟ ਅਤੇ 4 ਸਨਵਿੰਗ ਦੇ ਬੇੜੇ ਹਨ। ਏਅਰ ਕੈਨੇਡਾ ਵੱਲੋਂ 737 ਮੈਕਸ ਜਹਾਜ਼ਾਂ ਰਾਹੀਂ ਔਸਤਨ 9 ਹਜ਼ਾਰ ਤੋਂ 12 ਹਜ਼ਾਰ ਮੁਸਾਫ਼ਰਾਂ ਨੂੰ ਰੋਜ਼ਾਨਾ ਉਨ•ਾਂ ਦੇ ਮੰਜ਼ਿਲ 'ਤੇ ਪਹੁੰਚਾਇਆ ਜਾਂਦਾ ਸੀ ਜਿਨ•ਾਂ ਵਾਸਤੇ ਬਦਲਵੇਂ ਪ੍ਰਬੰਧ ਕਰਨੇ ਹੋਣਗੇ। ਉਧਰ ਵੈਸਟ ਜੈਟ ਨੇ ਕਿਹਾ ਕਿ 737 ਮੈਕਸ ਜਹਾਜ਼ਾਂ ਦੀ ਉਡਾਣ 'ਤੇ ਰੋਕ ਕਾਰਨ ਤਕਰੀਬਨ ਇਕ ਹਜ਼ਾਰ ਮੁਸਾਫ਼ਰ ਪ੍ਰਭਾਵਤ ਹੋਏ ਹਨ ਜਿਨ•ਾਂ ਦੀਆਂ ਸੀਟਾਂ ਮੁੜ ਬੁੱਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਐਵੀਏਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜਹਾਜ਼ਾਂ ਦੀ ਕਮੀ ਕਾਰਨ ਫਲਾਈਟਸ ਦੀ ਰਵਾਨਗੀ 'ਤੇ ਅਸਰ ਪਵੇਗਾ ਅਤੇ ਜੇ ਪਹਿਲਾਂ ਇਕ ਘੰਟੇ ਵਿਚ ਚਾਰ ਫ਼ਲਾਈਟਸ ਰਵਾਨਾ ਹੁੰਦੀਆਂ ਸਨ ਤਾਂ ਹੁਣ ਤਿੰਨ ਹੀ ਹੋ ਸਕਣਗੀਆਂ। ਕੁਝ ਏਅਰਲਾਈਨਜ਼ ਵਾਧੂ ਜਹਾਜ਼ ਲੀਜ਼ 'ਤੇ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਜ਼ਿਆਦਾਤਰ ਜਹਾਜ਼ ਪਹਿਲਾਂ ਹੀ ਲੀਜ਼ 'ਤੇ ਚੱਲ ਰਹੇ ਹੋਣ ਕਾਰਨ ਸਫ਼ਲਤਾ ਨਹੀਂ ਮਿਲ ਰਹੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੋਇੰਗ 737 ਮੈਕਸ 8 ਅਤੇ 9 ਜਹਾਜ਼ਾਂ ਦੇ ਉਡਾਣ ਭਰਨ 'ਤੇ ਆਰਜ਼ੀ ਰੋਕ ਲਾ ਦਿਤੀ ਗਈ ਹੈ। ਇਸ ਤੋਂ ਪਹਿਲਾਂ ਬੋਇੰਗ ਜਹਾਜ਼ਾਂ 'ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਚੁੱਕੇ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਔਟਵਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਥੋਪੀਆ ਹਾਦਸੇ ਬਾਰੇ ਨਵੀਂ ਜਾਣਕਾਰੀ ਮਿਲੀ ਹੈ ਜਿਸ ਦਾ ਵਿਸ਼ਲੇਸ਼ਣ ਅਤੇ ਸਮੀਖਿਆ ਕਰਨ ਮਗਰੋਂ ਬੋਇੰਗ 737 ਮੈਕਸ 8 ਜਹਾਜ਼ਾਂ ਦੇ ਸੰਚਾਲਨ 'ਤੇ ਅਗਲੇ ਹੁਕਮਾਂ ਤੱਕ ਰੋਕ ਲਾਈ ਜਾ ਰਹੀ ਹੈ।

ਹੋਰ ਖਬਰਾਂ »