ਭਾਰਤ ਦੀ ਸੁਪਰੀਮ ਕੋਰਟ ਪੁੱਜੀ ਈਵੀਐਮ ਮਸ਼ੀਨਾਂ 'ਤੇ ਜੰਗ, 21 ਵਿਰੋਧੀ ਪਾਰਟੀਆਂ ਦੀ ਪਟੀਸ਼ਨ 'ਤੇ ਚੋਣ ਕਮਿਸ਼ਨ ਨੂੰ ਨੋਟਿਸ

ਨਵੀਂ ਦਿੱਲੀ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਈਵੀਐਮ ਅਤੇ ਵੀਵੀਪੈਟ ਨੂੰ ਲੈ ਕੇ ਛਿੜੀ ਲੜਾਈ ਹੁਣ ਸੁਪਰੀਮ ਕੋਰਟ ਪੁੱਜ ਗਈ ਹੈ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ 21 ਵਿਰੋਧੀ ਦਲਾਂ ਦੀ ਸਾਂਝੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਵੱਲੋਂ ਅਗਲੀ ਸੁਣਵਾਈ 'ਚ ਇਲੈਕਸ਼ਨ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਅਦਾਲਤ 'ਚ ਪੇਸ਼ ਹੋਣ ਨੂੰ ਕਿਹਾ ਹੈ। ਦਰਅਸਲ ਵਿਰੋਧੀ ਪਾਰਟੀਆਂ ਦੀ ਪਟੀਸ਼ਨ 'ਚ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਵੇ ਕਿ ਉਹ ਕੁਲ ਵਰਤੋਂ ਕੀਤੀਆਂ ਜਾ ਰਹੀਆਂ ਈਵੀਐਮ ਅਤੇ ਵੀਵੀਪੈਟ 'ਚੋਂ 50 ਫੀਸਦੀ ਈਵੀਐਮ 'ਚ ਦਰਜ ਮਤਾਂ ਅਤੇ ਉਨ•ਾਂ ਦੀ ਜੋੜੀਦਾਰ ਵੀਵੀਪੈਟ 'ਚ ਮੌਜੂਦ ਪਰਚੀਆਂ ਦਾ ਚੰਗੀ ਤਰ•ਾਂ ਮਿਲਾਨ ਕੀਤਾ ਜਾਵੇ।
ਪਟੀਸ਼ਨਕਰਤਾਵਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਚੋਣ ਕਮਿਸ਼ਨ 4.4 ਫੀਸਦੀ ਈਵੀਐਮ ਅਤੇ ਵੀਵੀਪੈਟ ਦਾ ਮਿਲਾਨ ਕਰਦਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 25 ਮਾਰਚ ਨੂੰ ਹੋਵੇਗੀ। ਦੱਸ ਦੇਈਏ ਕਿ ਬੀਤੇ ਦਿਨੀਂ ਚੋਣ ਕਮਿਸ਼ਨ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵਿਚਾਲੇ ਵੱਡੀ ਬੈਠਕ ਹੋਈ ਸੀ। ਇਸ ਬੈਠਕ 'ਚ ਇਸ ਪਟੀਸ਼ਨ ਨੂੰ ਲੈ ਕੇ ਮੰਥਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਵਾਰ ਲੋਕਸਭਾ ਚੋਣਾਂ 'ਚ ਈਵੀਐਮ ਦੇ ਨਾਲ ਨਾਲ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਪਿਛਲੀਆਂ ਕਈ ਚੋਣਾਂ 'ਚ ਅਜਿਹਾ ਦੇਖਣ ਨੂੰ ਮਿਲਿਆ ਸੀ ਜਦੋਂ ਵਿਰੋਧੀ ਪਾਰਟੀਆਂ ਨੇ ਚੋਣ ਨਤੀਜਿਆਂ 'ਤੇ ਸਵਾਲ ਚੁੱਕੇ ਤੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਸੀ।
ਸਰਕਾਰ ਦੀ ਨੀਅਤ 'ਤੇ ਇਸ ਕਰ ਕੇ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਿਛੇ ਜਿਹੇ ਕਈ ਈਵੀਐਮ ਮਸ਼ੀਨਾਂ 'ਚ ਜਦੋਂ ਵੋਟ ਕਿਸੇ ਹੋਰ ਪਾਰਟੀ ਨੂੰ ਪਾਈ ਜਾਂਦੀ ਸੀ ਤਾਂ ਉਹ ਵੋਟ ਜਾਂਦੀ ਭਾਜਪਾ ਦੇ ਖਾਤੇ ਵਿਚ ਸੀ, ਜਿਸ ਕਾਰਨ ਈਵੀਐਮ 'ਤੇ ਸ਼ੰਕੇ ਪੈਦਾ ਹੋ ਗਏ ਸਨ। ਇਨ•ਾਂ ਸ਼ੰਕਿਆਂ ਨੂੰ ਦੂਰ ਨਾਂ ਤਾਂ ਹਾਲੇ ਤੱਕ ਸਰਕਾਰ ਕਰ ਸਕੀ ਹੈ ਤੇ ਨਾਂਅ ਹੀ ਚੋਣ ਕਮਿਸ਼ਨ, ਜਿਸ ਕਾਰਨ ਹੁਣ ਇਹ ਮਾਮਲਾ ਭਾਰਤ ਦੀ ਸੁਪਰੀਮ ਕੋਰਟ ਵਿਚ ਪੁੱਜ ਗਿਆ ਹੈ। 
ਵਿਰੋਧੀ ਧਿਰਾਂ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ, ਦਿੱਲੀ ਚੋਣ ਸਣੇ ਕਈ ਹੋਰ ਸੂਬਿਆਂ ਦੀਆਂ ਚੋਣਾਂ 'ਚ ਈਵੀਐਮ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਈਵੀਐਮ 'ਤੇ ਸਵਾਲ ਖੜੇ ਕਰ ਚੁਕੇ ਹਨ। 
ਹਾਲਾਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਵਾਹਰ ਇਹ ਹੀ ਕਿਹਾ ਗਿਆ ਹੈ ਕਿ ਜਦੋਂ ਵੀ ਵਿਰੋਧੀ ਪਾਰਟੀਆਂ ਚੋਣਾਂ ਹਾਰਦੀਆਂ ਹਨ ਤਾਂ ਈਵੀਐਮ ਦਾ ਬਹਾਨਾ ਬਣਾਉਂਦੀਆਂ ਹਨ ਪਰ ਜਦੋਂ ਜਿੱਤਦੀਆਂ ਹਨ ਤਾਂ ਚੁੱਪੀ ਸਾਧ ਲੈਂਦੀਆਂ ਹਨ। 
 

ਹੋਰ ਖਬਰਾਂ »