ਬਠਿੰਡਾ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਦੌਰਾਨ ਹਿੰਸਕ ਵਾਰਦਾਤਾਂ ਅਤੇ ਨਸ਼ਾ ਤਸਕਰੀ ਰੋਕਣ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਨੇ ਹੱਥ ਮਿਲਾ ਲਿਆ ਹੈ। ਤਿੰਨ ਰਾਜਾਂ ਦੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਇਕ ਖ਼ਾਸ ਮੁਲਾਕਾਤ ਦੌਰਾਨ ਇਸ ਸਬੰਧ ਵਿਚ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਮਹਿਸੂਸ ਕੀਤਾ ਗਿਆ ਹੈ ਕਿ ਤਿੰਨ ਰਾਜਾਂ ਦੇ ਪੁਲੀਸ ਅਫ਼ਸਰਾਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਦਾ ਫ਼ਾਇਦਾ ਤਸਕਰ ਤੇ ਗੈਂਗਸਟਰ ਉਠਾ ਰਹੇ ਹਨ। ਮੱਧ ਪ੍ਰਦੇਸ਼ ਦੀ ਅਫ਼ੀਮ, ਪੰਜਾਬ ਦੀ ਸ਼ਰਾਬ ਅਤੇ ਰਾਜਸਥਾਨ 'ਚੋਂ ਹੈਰੋਇਨ ਦੇ ਰਾਹ ਰੋਕਣ ਲਈ ਸਾਂਝੀ ਪਹੁੰਚ 'ਤੇ ਜ਼ੋਰ ਦਿੱਤਾ ਗਿਆ। ਪੰਜਾਬ ਪੁਲੀਸ ਨੇ ਅੰਤਰਰਾਜੀ ਸੀਮਾ ਸੀਲ ਕਰਨ ਲਈ 52 ਪੁਲੀਸ ਨਾਕੇ ਸ਼ਨਾਖ਼ਤ ਕੀਤੇ ਹਨ ਜਿਨ•ਾਂ 'ਤੇ ਨਾਕਾਬੰਦੀ ਤੋਂ ਇਲਾਵਾ ਸੀਸੀਟੀਵੀ ਕੈਮਰੇ ਲਾਏ ਜਾਣਗੇ। ਬਠਿੰਡਾ ਰੇਂਜ ਦੇ ਆਈਜੀ ਐਮ.ਐਫ. ਫਾਰੂਕੀ, ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਬੀਕਾਨੇਰ ਰੇਂਜ ਦੇ ਆਈਜੀ ਬੀ.ਐੱਲ. ਮੀਣਾ ਅਤੇ ਹਿਸਾਰ ਦੇ ਆਈਜੀ ਅਮਿਤਾਭ ਢਿੱਲੋਂ ਤੋਂ ਇਲਾਵਾ ਤਿੰਨਾਂ ਰਾਜਾਂ ਦੇ ਸਰਹੱਦੀ ਜ਼ਿਲਿ•ਆਂ ਦੇ ਐਸਐਸਪੀਜ਼ ਮੀਟਿੰਗ ਵਿਚ ਸ਼ਾਮਲ ਹੋਏ। ਆਈ.ਜੀ ਫਾਰੂਕੀ ਨੇ ਮੀਟਿੰਗ ਮਗਰੋਂ ਦਸਿਆ ਕਿ ਤਿੰਨਾਂ ਸੂਬਿਆਂ ਦੇ ਭਗੌੜਿਆਂ, ਤਸਕਰਾਂ ਅਤੇ ਗੈਂਗਸਟਰਾਂ ਦੀ ਸੂਚਨਾ ਦਾ ਆਪਸੀ ਅਦਾਨ-ਪ੍ਰਦਾਨ ਕੀਤਾ ਜਾਵੇਗਾ ਜਿਸ ਰਾਹੀਂ ਚੋਣਾਂ ਮੌਕੇ ਅਣਸੁਖਾਵੀਆਂ ਵਾਰਦਾਤਾਂ ਨੂੰ ਠੱਲ• ਪਾਉਣ ਵਿਚ ਮਦਦ ਮਿਲੇਗੀ।

ਹੋਰ ਖਬਰਾਂ »