ਵੈਨਕੂਵਰ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਪੁਲਿਸ ਨੇ ਗੈਂਗਸਟਰ ਪਸ਼ਮਿੰਦਰ ਬੋਪਾਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਮੋਇਨ ਖ਼ਾਨ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਬੋਪਰਾਏ ਦੀ ਗ੍ਰਿਫ਼ਤਾਰੀ ਲਈ ਕੌਮੀ ਪੱਧਰ ਦਾ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਤੋਂ ਮਿਲੀ ਸੂਹ ਦੇ ਆਧਾਰ 'ਤੇ ਉਸ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ ਗਈ। ਚੇਤੇ ਰਹੇ ਕਿ ਫ਼ਰਰਵੀ ਦੇ ਅਖ਼ੀਰ ਵਿਚ ਵੈਨਕੂਵਰ ਪੁਲਿਸ ਵਿਭਾਗ ਨੇ ਗਿਰੋਹ ਵਿਰੋਧੀ ਮੁਹਿੰਮ ਤਹਿਤ ਕਈ ਗ੍ਰਿਫ਼ਤਾਰੀਆਂ ਕਰਨ ਦਾ ਐਲਾਨ ਕੀਤਾ ਸੀ ਪਰ ਉਸ ਵੇਲੇ 30 ਸਾਲ ਦਾ ਪਸ਼ਮਿੰਦਰ ਬੋਪਰਾਏ ਪੁਲਿਸ ਦੇ ਹੱਥ ਨਾ ਆਇਆ। ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਵੈਨਕੂਵਰ ਪੁਲਿਸ ਦੇ ਸਾਰਜੈਂਟ ਜੈਸਨ 
ਰੌਬਿਲਰਡ ਨੇ ਦੱਸਿਆ ਕਿ ਕੈਲੋਨਾ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਅਤੇ ਆਮ ਲੋਕਾਂ ਤੋਂ ਮਿਲੇ ਸਹਿਯੋਗ ਸਦਕਾ ਹੀ ਇਹ ਗ੍ਰਿਫ਼ਤਾਰੀ ਸੰਭਵ ਹੋ ਸਕੀ। ਉਧਰ ਸਰੀ ਦੇ 22 ਸਾਲਾ ਮੋਇਨ ਖ਼ਾਨ ਨੂੰ ਫ਼ਿਲਹਾਲ ਕਾਬੂ ਨਹੀਂ ਕੀਤਾ ਜਾ ਸਕਿਆ ਅਤੇ ਪੁਲਿਸ ਅਫ਼ਸਰ ਉਸ ਨੂੰ ਆਤਮ-ਸਮਰਪਣ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮੋਇਨ ਖ਼ਾਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ 911 'ਤੇ ਕਾਲ ਕਰੇ ਜਦਕਿ ਗੁਪਤ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਕ੍ਰਾਈਮ ਸਟੌਪਰਜ਼ ਨਾਲ 1-888-222-8477 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »