ਕਿਹਾ, ਮੇਰੇ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

ਸੰਗਰੂਰ, 18 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਚੁੱਕੇ ਪੰਜਾਬ ਦੇ ਕੱਦਾਵਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਨਾ ਲੜਨ ਬਾਰੇ ਆਪਣਾ ਸਟੈਂਡ ਦੁਰਾਉਂਦਿਆਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਚੋਣ ਤੋਂ ਦੂਰ ਰਹਿਣ ਦਾ ਸੱਦਾ ਦਿਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ, ''ਮੈਂ ਸਿਆਸਤ ਤੋਂ ਸੰਨਿਆਸ ਲੈ ਚੁੱਕਾ ਹਾਂ ਅਤੇ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਮੈਂ ਆਪਣੇ ਪਰਵਾਰਕ ਮੈਂਬਰਾਂ ਨੂੰ ਵੀ ਸਲਾਹ ਦਿਤੀ ਹੈ ਕਿ ਉਨ•ਾਂ ਵਿਚੋਂ ਕੋਈ ਵੀ ਚੋਣ ਲੜਨ ਦੀ ਸਹਿਮਤੀ ਨਾ ਦੇਵੇ। ਫ਼ਿਰ ਵੀ ਪਰਮਿੰਦਰ ਬੱਚਾ ਨਹੀਂ ਹੈ, ਉਹ ਆਪਣਾ ਚੰਗਾ-ਮਾੜਾ ਸਮਝ ਸਕਦਾ ਹੈ ਅਤੇ ਮੈਂ ਉਸ ਉਪਰ ਫ਼ੈਸਲਾ ਬਦਲਣ ਲਈ ਦਬਾਅ ਨਹੀਂ ਪਾਵਾਂਗਾ।'' ਦੱਸ ਦੇਈਏ ਕਿ ਸੁਖਦੇਵ ਸਿੰਘ ਢੀਂਡਸਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮੀਡੀਆ ਰਿਪੋਰਟਾਂ ਵਿਚ ਆਖਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ, ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਨ ਲਈ ਸਹਿਮਤ ਹਨ।

ਹੋਰ ਖਬਰਾਂ »