ਚੰਡੀਗੜ•, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਚੰਡੀਗੜ• ਦੇ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ ਕੈਨੇਡਾ ਨਾਲ ਸਬੰਧਤ ਇਕ ਐਨ.ਆਰ.ਆਈ. ਕੋਲੋਂ ਪੁਲਿਸ ਨੇ 29 ਹਜ਼ਾਰ ਕੈਨੇਡੀਅਨ ਡਾਲਰ ਜ਼ਬਤ ਕਰ ਲਏ। ਐਨ.ਆਰ.ਆਈ. ਦੀ ਪਛਾਣ ਹਰਮੋਹਨ ਗਰੇਵਾਲ ਵਜੋਂ ਕੀਤੀ ਗਈ ਹੈ ਜੋ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਵਿਦੇਸ਼ੀ ਕਰੰਸੀ ਲੈ ਕੇ ਆਇਆ। ਏਅਰਪੋਰਟ ਪੁਲਿਸ ਥਾਣੇ ਦੇ ਡੀ.ਐਸ.ਪੀ.  ਐਚ.ਐਸ. ਬੱਲ ਨੇ ਦੱਸਿਆ ਕਿ ਹਰਮੋਹਨ ਗਰੇਵਾਲ ਕੋਲ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਕੈਨੇਡੀਅਨ ਕਰੰਸੀ ਹੋਣ ਦੀ ਸੂਹ ਮਿਲੀ ਸੀ। ਹਰਮੋਹਨ ਗਰੇਵਾਲ 17 ਮਾਰਚ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ ਅਤੇ ਉਥੋਂ ਚੰਡੀਗੜ• ਦੇ ਜਹਾਜ਼ ਵਿਚ ਸਵਾਰ ਹੋ ਗਿਆ। ਉਸ ਦਿਨ ਦੁਪਹਿਰ 2.15 ਵਜੇ ਚੰਡੀਗੜ• ਪੁੱਜਣ 'ਤੇ ਪੁਲਿਸ ਨੇ ਹਰਮੋਹਨ ਗਰੇਵਾਲ ਨੂੰ ਰੋਕ ਲਿਆ। ਪੁੱਛ-ਪੜਤਾਲ ਦੌਰਾਨ ਉਸ ਨੇ ਤੈਅਸ਼ੁਦਾ ਹੱਦ ਤੋਂ ਜ਼ਿਆਦਾ  ਵਿਦੇਸ਼ੀ ਕਰੰਸੀ ਹੋਣ ਦੀ ਗੱਲ ਕਬੂਲ ਕਰ ਲਈ। ਹਰਮੋਹਨ ਕੋਲੋਂ ਬਰਾਮਦ ਕੈਨੇਡੀਅਨ ਕਰੰਸੀ ਇਨਕਮ ਟੈਕਸ ਅਧਿਕਾਰੀਆਂ ਦੇ ਹਵਾਲੇ ਕਰ ਦਿਤੀ ਗਈ। ਦੱਸ ਦੇਈਏ ਕਿ ਨਿਯਮਾਂ ਤਹਿਤ ਇਕ ਵਿਅਕਤੀ 10 ਹਜ਼ਾਰ ਡਾਲਰ ਤੋਂ ਵਧ ਨਕਦੀ ਲੈ ਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦਾ।

ਹੋਰ ਖਬਰਾਂ »