ਬਰੈਂਪਟਨ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹੰਟਸਵਿਲ ਸ਼ਹਿਰ ਵਿਖੇ ਬੰਦੂਕ ਦੀ ਨੋਕ 'ਤੇ ਕੀਤੀ ਗਈ ਲੁੱਟ ਦੇ ਮਾਮਲੇ ਵਿਚ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਬਰੈਂਪਟਨ ਦੇ ਸੁਖਪ੍ਰੀਤ ਸਿੰਘ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਬੰਦੂਕਾਂ ਨਾਲ ਲੈਸ ਦੋ ਸ਼ੱਕੀ ਬੀਤੇ ਸ਼ਨਿੱਚਰਵਾਰ ਨੂੰ ਹੰਟਸਵਿਲ ਦੀ ਕਿੰਗ ਵਿਲੀਅਮ ਸਟ੍ਰੀਟ ਦੇ ਇਕ ਸਟੋਰ ਵਿਚ ਦਾਖ਼ਲ ਹੋਏ ਅਤੇ ਲੁੱਟ ਦੌਰਾਨ ਇਕ ਸਟੋਰ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ। ਵਾਰਦਾਤ ਤੋਂ ਕੁਝ ਸਮੇਂ ਬਾਅਦ ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਕਾਬੂ ਕਰ ਲਿਆ। 24 ਸਾਲ ਦੇ ਸੁਖਪ੍ਰੀਤ ਸਿੰਘ ਵਿਰੁੱਧ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਅਤੇ ਹਥਿਆਰਬੰਦ ਲੁੱਟ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਸੁਖਪ੍ਰੀਤ ਸਿੰਘ ਤੋਂ ਇਲਾਵਾ ਟੋਰਾਂਟੋ ਦੀ ਮਹਿਲਾ ਟੈਟਮ ਓਗਡਨ ਅਤੇ ਜੌਰਡਨ ਮੈਰੋਅ ਵਿਰੁੱਧ ਸਰੀਰਕ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਹਥਿਆਰਬੰਦ ਲੁੱਟ ਦੇ ਦੋਸ਼ ਆਇਦ ਕੀਤੇ ਗਏ। ਓਗਡਨ ਕੋਲੋਂ ਕੋਕੀਨ ਬਰਾਮਦ ਹੋਣ ਕਾਰਨ ਉਸ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਦੋਸ਼ ਵੱਖਰੇ ਤੌਰ 'ਤੇ ਆਇਦ ਕੀਤਾ ਗਿਆ।

ਹੋਰ ਖਬਰਾਂ »