ਪੁਲਿਸ ਨੇ ਸਰੀ ਅਤੇ ਡੈਲਟਾ 'ਚ ਵਾਪਰੀਆਂ ਤਿੰਨ ਵਾਰਦਾਤਾਂ ਮਗਰੋਂ ਕੀਤੀ ਕਾਰਵਾਈ

ਸਰੀ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸਰੀ ਅਤੇ ਡੈਲਟਾ ਵਿਖੇ ਵਾਪਰੀਆਂ ਲੁੱਟ-ਖੋਹ ਦੀਆਂ ਤਿੰਨ ਵਾਰਦਾਤਾਂ ਦੇ ਮਾਮਲੇ ਵਿਚ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਵੈਨਕੂਵਰ ਦੇ ਕਰਮਨ ਸਿੰਘ ਗਰੇਵਾਲ ਅਤੇ ਸਰੀ ਦੇ ਗੁਰਸਿਮਰਨ ਸਹੋਤਾ ਵਿਰੁੱਧ ਦੋਸ਼ ਆਇਦ ਕਰ ਦਿਤੇ। ਪੁਲਿਸ ਮੁਤਾਬਕ 7 ਫ਼ਰਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਫ਼ਰੇਜ਼ਰ ਹਾਈਵੇਅ ਦੇ 15100 ਬਲਾਕ ਵਿਚ ਇਕ ਫ਼ਾਰਮੇਸੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਦੋ ਨਕਾਬਪੋਸ਼ ਵਿਅਕਤੀ ਸਟੋਰ ਵਿਚ ਦਾਖ਼ਲ ਹੋਏ ਅਤੇ ਛੁਰਾ ਦਿਖਾ ਕੇ ਪੈਸੇ ਮੰਗਣ ਲੱਗੇ। ਇਸ ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਪਹਿਲੀ ਵਾਰਦਾਤ ਤੋਂ 15 ਮਿੰਟ ਬਾਅਦ ਸਰੀ ਆਰ.ਸੀ.ਐਮ.ਪੀ. ਨੂੰ 15900 ਬਲਾਕ ਵਿਚ ਹਥਿਆਰਬੰਦ ਲੁੱਟ ਦੀ ਇਤਲਾਹ ਮਿਲੀ। ਪੁਲਿਸ ਨੇ ਸ਼ੱਕੀ ਗੱਡੀ ਦੀ ਨਿਸ਼ਾਨਦੇਹੀ ਕਰਦਿਆਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਗੱਡੀ ਨਾਲ ਮਾਮੂਲੀ ਟੱਕਰ ਵੀ ਵੱਜ ਗਈ। ਪਰ ਆਖ਼ਰਕਾਰ ਪੁਲਿਸ ਨੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੜਤਾਲ ਦੌਰਾਨ ਪੁਲਿਸ ਨੂੰ ਤੀਜੀ ਲੁੱਟ ਦੀ ਵਾਰਦਾਤ ਬਾਰੇ ਪਤਾ ਲੱਗਾ ਜੋ ਡੈਲਟਾ ਦੇ ਸਕੌਟ ਰੋਡ 'ਤੇ ਵਾਪਰੀ। ਤੀਜੀ ਵਾਰਦਾਤ ਦੀ ਜਾਂਚ ਦੌਰਾਨ ਵੀ ਦੋਹਾਂ ਸ਼ੱਕੀਆਂ ਦੀ ਸ਼ਨਾਖਤ ਕੀਤੀ ਗਈ ਜਿਸ ਮਗਰੋਂ ਕਰਮਨ ਸਿੰਘ ਗਰੇਵਾਲ ਵਿਰੁੱਘ ਲੁੱਟ-ਖੋਹ ਦੇ ਤਿੰਨ ਅਤੇ ਪੁਲਿਸ ਦੇ ਇਸ਼ਾਰੇ 'ਤੇ ਰੁਕਣ ਵਿਚ ਅਸਫ਼ਲ ਰਹਿਣ ਦਾ ਇਕ ਦੋਸ਼ ਆਇਦ ਕੀਤਾ ਗਿਆ। ਗੁਰਸਿਮਰਨ ਸਹੋਤਾ ਵਿਰੁੱਧ ਲੁੱਟ-ਖੋਹ ਦੇ ਤਿੰਨ ਅਤੇ ਨਕਾਬਪੋਸ਼ ਰੂਪ ਵਿਚ ਅਪਰਾਧ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ•ਾ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰ.ਸੀ.ਐਮ.ਪੀ. ਨਾਲ 604-599-0502 'ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1-800-222-8477 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »