ਕੈਲਗਰੀ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਵਿਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੈਸਨ ਕੈਨੀ ਗੰਭੀਰ ਦੋਸ਼ਾਂ ਵਿਚ ਘਿਰ ਗਏ ਹਨ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਰਹੇ ਪੰਜਾਬੀ ਮੂਲ ਦੇ ਹਰਦਿਆਲ ਸਿੰਘ ਉਰਫ਼ ਹੈਪੀ ਮਾਨ ਨੇ ਦੋਸ਼ ਲਾਇਆ ਕਿ ਆਪਣੀ ਸਫ਼ਲਤਾ ਯਕੀਨੀ ਬਣਾਉਣ ਲਈ ਜੈਸਨ ਕੈਨੀ ਨੇ ਨਾਜਾਇਜ਼ ਹਥਕੰਡਿਆਂ ਦੀ ਵਰਤੋਂ ਕੀਤੀ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਹੈਪੀ ਮਾਨ ਨੇ ਕਿਹਾ ਕਿ 19 ਜੁਲਾਈ 2017 ਨੂੰ ਜੈਫ਼ ਕੈਲਵੇਅ ਦੇ ਘਰ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਜੈਫ਼ ਕੈਲਵੇਅ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣਗੇ ਤਾਂਕਿ ਬਰਾਇਨ ਜੀਨ ਦੀ ਮੁਹਿੰਮ ਨੂੰ ਖੋਰਾ ਲਾਇਆ ਜਾ ਸਕੇ ਅਤੇ ਜੈਸਨ ਕੈਨੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿਚ ਹੈਪੀ ਮਾਨ ਖ਼ੁਦ, ਜੈਸਨ ਕੈਨੀ, ਜੈਫ਼ ਕੈਲਵੇਅ ਅਤੇ ਕੁਝ ਹੋਰ ਆਗੂ ਹਾਜ਼ਰ ਸਨ। ਹੈਪੀ ਮਾਨ ਮੁਤਾਬਕ ਉਨ•ਾਂ ਨੂੰ ਇਸ ਗੱਲ ਤੋਂ ਬੇਫ਼ਿਕਰ ਰਹਿਣ ਲਈ ਆਖਿਆ ਗਿਆ ਕਿ ਜੈਫ਼ ਦੀ ਮੁਹਿੰਮ ਲਈ ਪੈਸਾ ਕਿੱਥੋਂ ਆਵੇਗਾ। ਹਰਦਿਆਲ ਸਿੰਘ ਮਾਨ ਦਾ ਕਹਿਣਾ ਸੀ ਕਿ ਭਾਵੇਂ ਜੈਸਨ ਕੈਨੀ ਪਾਰਟੀ ਵਾਲੰਟੀਅਰਾਂ 'ਤੇ ਉਂਗਲ ਉਠ ਰਹੇ ਹਨ ਪਰ ਅਸਲੀਅਤ ਬਿਲਕੁਲ ਵੱਖਰੀ ਹੈ। ਅਸਲੀਅਤ ਇਹ ਹੈ ਕਿ ਸਾਰੀ ਵਿਉਂਤ ਜੈਸਨ ਕੈਨੀ ਦੇ ਸਾਹਮਣੇ ਘੜੀ ਗਈ। ਹੈਪੀ ਮਾਨ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਜੈਸਨ ਕੈਨੀ ਅਤੇ ਉਨ•ਾਂ ਦੀ ਟੀਮ ਨੂੰ ਸੱਚਾਈ ਪੇਸ਼ ਕਰਨ ਦਾ ਸੱਦਾ ਦਿਤਾ ਹੈ। ਉਨ•ਾਂ ਅੱਗੇ ਕਿਹਾ, ''ਸਾਰਿਆਂ ਨੂੰ ਅੱਗੇ ਆ ਕੇ ਸਾਂਝੇ ਤੌਰ 'ਤੇ ਇਸ ਗ਼ਲਤੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਇਕ ਸਾਜ਼ਿਸ਼ ਘੜ ਕੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਸ ਮੁੱਦੇ 'ਤੇ ਝੂਠ ਬੋਲਣਾ ਬੰਦ ਕਰ ਦਿਤਾ ਜਾਵੇ ਅਤੇ ਐਲਬਰਟਾ ਦੇ ਲੋਕਾਂ ਸਾਹਮਣੇ ਸੱਚਾਈ ਪੇਸ਼ ਕੀਤੀ ਜਾਣੀ ਚਾਹੀਦੀ ਹੈ।'' 
ਹਰਦਿਆਲ ਸਿੰਘ ਮਾਨ ਦੀਆਂ ਟਿੱਪਣੀਆਂ ਉਨ•ਾਂ ਦਸਤਾਵੇਜ਼ਾਂ ਨੂੰ ਸੱਚ ਸਾਬਤ ਕਰਦੀਆਂ ਹਨ ਜਿਨ•ਾਂ ਦੇ ਆਧਾਰ 'ਤੇ ਸੀ.ਬੀ.ਸੀ. ਨੇ ਦਾਅਵਾ ਕੀਤਾ ਸੀ ਕਿ ਜੈਸਨ ਕੈਨੀ ਵੱਲੋਂ ਜੈਫ਼ ਕੈਲਵੇਅ ਦੀ ਮੁਹਿੰਮ ਵਾਸਤੇ ਸਿਆਸੀ ਹਦਾਇਤਾਂ, ਮੀਡੀਆ ਕੋਲ ਉਠਾਏ ਜਾਣ ਵਾਲੇ ਮੁੱਦੇ, ਭਾਸ਼ਣ ਵਿਚ ਬੋਲੇ ਜਾਣ ਵਾਲੇ ਸ਼ਬਦ, ਹਮਲਾਵਰ ਰੁਖ਼ ਵਾਲੇ ਇਸ਼ਤਿਹਾਰ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਗਈ ਤਾਂ ਕਿ ਬਰਾਇਨ ਜੀਨ ਦੀ ਮੁਹਿੰਮ ਦੇ ਰਾਹ ਵਿਚ ਕੰਡੇ ਬੀਜੇ ਜਾ ਸਕਣ। ਉਧਰ ਜੈਸਨ ਕੈਨੀ ਅਤੇ ਜੈਫ਼ ਕੈਲਵੇਅ ਨੇ ਕਿਸੇ ਵੀ ਕਿਸਮ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਤੋਂ ਇਨਕਾਰ ਕਰ ਦਿਤਾ। ਹਰਦਿਆਲ ਸਿੰਘ ਮਾਨ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਨੇ ਜੈਸਨ ਕੈਨੀ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਦਿਤੀ ਗਈ ਪ੍ਰਤੀਕਿਰਿਆ ਵੱਲ ਇਸ਼ਾਰਾ ਕੀਤਾ ਜਿਸ ਵਿਚ ਉਨ•ਾਂ ਕਿਹਾ ਸੀ ਕਿ ਜੁਲਾਈ 2017 ਵਿਚ ਕੈਲਵੇਅ ਨਾਲ ਉਨ•ਾਂ ਦੀ ਮੁਲਾਕਾਤ ਦਾ ਇਕੋ-ਇਕ ਮਕਸਦ ਆਪਣੇ ਮੁਹਿੰਮ ਵਾਸਤੇ ਹਮਾਇਤ ਹਾਸਲ ਕਰਨਾ ਸੀ। ਜੈਸਨ ਕੈਨੀ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ, ''ਮੈਂ ਨਹੀਂ ਜਾਣਦਾ ਸੀ ਕਿ ਮੇਰੀ ਪ੍ਰਚਾਰ ਮੁਹਿੰਮ ਦੀ ਸਮੱਗਰੀ ਜੈਫ਼ ਕੈਲਵੇਅ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਜੇ ਅਜਿਹਾ ਹੋਇਆ ਵੀ ਹੈ ਤਾਂ ਚੋਣ ਕਾਨੂੰਨ ਤਹਿਤ ਕੋਈ ਅਪਰਾਧ ਨਹੀਂ।

ਹੋਰ ਖਬਰਾਂ »