ਤਰਨਤਾਰਨ, 20 ਮਾਰਚ, (ਹ.ਬ.) : ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਕਲਸਿਆਂ ਵਿਚ  ਘਰ ਦੀ ਨੀਂਹ ਪੁੱਟਦੇ ਹੋਏ ਸੁਰੰਗ ਜਿਹਾ ਖੱਡਾ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਬੀਐਸਐਫ ਨੂੰ ਸੂਚਨਾ ਦਿੱਤੀ।  ਪਿੰਡ ਵਾਸੀਆਂ ਮੁਤਾਬਕ ਉਕਤ ਸੁਰੰਗ ਤਿੰਨ ਤੋਂ ਚਾਰ ਫੁੱਟ ਚੌੜੀ ਹੈ ਅਤੇ ਇਸ ਦੀ ਦਿਸ਼ਾ ਪਾਕਿਸਤਾਨ ਵੱਲ ਹੈ।
ਥਾਣਾ ਖੇਮਕਰਣ ਦੇ ਪਿੰਡ  ਕਲਸਿਆਂ ਨਿਵਾਸੀ ਅੰਗਰੇਜ ਸਿੰਘ, ਕਮਰੇ ਦੇ ਨਿਰਮਾਣ ਲਈ ਘਰ ਵਿਚ ਨੀਂਹ ਪੁਟਵਾ ਰਹੇ ਸੀ। ਢਾਈ ਫੁੱਟ ਦੀ ਡੂੰਘਾਈ 'ਤੇ ਜ਼ਮੀਨ ਵਿਚ ਸੁਰੰਗ ਜਿਹਾ ਖੱਡਾ ਮਿਲਿਆ। ਅੰਗ੍ਰੇਜ ਸਿੰਘ ਨੇ ਤੁਰੰਤ ਇਸ ਦੀ ਜਾਣਕਾਰੀ ਪੰਚਾਇਤ ਨੂੰ ਦਿੱਤੀ। ਨੀਂਹ ਪੁੱਟ ਰਹੇ ਮਜ਼ਦੂਰਾਂ ਨੇ ਉਕਤ ਜਗ੍ਹਾ ਤੋਂ ਕਰੀਬ ਚਾਰ ਫੁੱਟ ਅੱਗੇ ਪੁਟਾਈ ਕੀਤੀ ਤਾਂ ਉਥੇ ਵੀ ਅਜਿਹਾ ਖੱਡਾ ਮਿਲਿਆ।
ਡੀਐਸਪੀ ਸੁਖਚੈਨ ਸਿੰਘ , ਥਾਣਾ ਖਾਲੜਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਇਲਾਕੇ ਦੀ ਘੇਰਾਬੰਦੀ ਕਰ ਲਈ। ਸਥਾਨਕ ਪੁਲਿਸ ਨੇ ਬੀਐਸਐਫ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ। ਹਾਲਾਂਕਿ ਰਾਤ ਨੂੰ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪਾਰਟੀ ਤੈਨਾਤ ਕਰ ਦਿੱਤੀ ਗਈ। 
ਸੁਰੰਗਾ ਜਿਹਾ ਖੱਡਾ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਖੇਤਰ ਵਿਚ ਮੁਸਲਮਾਨ ਪਰਿਵਾਰ ਰਹਿੰਦੇ ਸਨ। ਕੌਮਾਂਤਰੀ ਸਰਹੱਦ ਨਾਲ ਕਰੀਬ ਇੱਕ ਕਿਲੋਮੀਟਰ ਦੂਰੀ 'ਤੇ ਵਸੇ ਪਿੰਡ ਕਲਸਿਆਂ ਦੇ ਲੋਕਾਂ ਨੇ ਸ਼ੱਕ ਜਤਾਇਆ ਕਿ ਇਹ ਸੁਰੰਗ ਪਾਕਿਸਤਾਨ ਵੱਲ ਜਾਂਦੀ ਹੈ। ਸੂਤਰਾਂ ਅਨੁਸਾਰ ਅੰਗਰੇਜ ਸਿੰਘ ਦੀ ਰਿਹਾਇਸ਼ ਖੇਤਾਂ ਵਿਚ ਹੈ। ਉਸ ਦੇ ਘਰ ਤੋਂ ਕੌਮਾਂਤਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਸਿਰਫ 600 ਮੀਟਰ ਦੂਰੀ 'ਤੇ ਹੈ।

ਹੋਰ ਖਬਰਾਂ »