ਅਤਿਵਾਦੀ ਖ਼ਤਰੇ ਬਾਰੇ ਰਿਪੋਰਟ ਵਿਚੋਂ ਸਿੱਖਾਂ ਦਾ ਜ਼ਿਕਰ ਹਟਾਉਣ ਦੀ ਮੰਗ ਉਠੀ

ਟੋਰਾਂਟੋ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਕੀਤੇ ਗਏ ਹਮਲੇ ਦੀ ਤਰਜ਼ 'ਤੇ ਕਿਸੇ ਸਿਰਫ਼ਿਰੇ ਗੋਰੇ ਵੱਲੋਂ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਕਿਉਂਕਿ ਕੈਨੇਡਾ ਸਰਕਾਰ ਦੀ ਰਿਪੋਰਟ ਵਿਚ ਸਿੱਖ ਭਾਈਚਾਰੇ ਨੂੰ ਅਤਿਵਾਦੀ ਖ਼ਤਰਾ ਪੈਦਾ ਕਰਨ ਵਾਲਿਆਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਹ ਖਦਸ਼ਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੈਨੇਡਾ ਈਸਟ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਪ੍ਰਗਟਾਉਂਦਿਆਂ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਸਿੱਖ ਭਾਈਚਾਰੇ ਦਾ ਜ਼ਿਕਰ ਅਤਿਵਾਦੀ ਖ਼ਤਰੇ ਵਾਲੀ ਰਿਪੋਰਟ ਵਿਚੋਂ ਹਟਾ ਦਿਤਾ ਜਾਵੇ। ਉਨ•ਾਂ ਕਿਹਾ ਕਿ ਨਿਊਜ਼ੀਲੈਂਡ ਦੇ ਕਤਲੇਆਮ ਮਗਰੋਂ ਡਰ ਹੈ ਕਿ ਗੋਰਿਆਂ ਨੂੰ ਸਭ ਤੋਂ ਉਪਰ ਮੰਨਣ ਵਾਲੇ ਕੁਝ ਲੋਕ ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਨਹੀਂ ਸਗੋਂ ਹੋਰਨਾਂ ਪ੍ਰਵਾਸੀ ਕਮਿਊਨਿਟੀਜ਼ ਨੂੰ ਨਿਸ਼ਾਨਾ ਬਣਾ ਸਕਦੇ ਹਨ। 'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਮੁਤਾਬਕ ਸੁਖਮਿੰਦਰ ਸਿੰਘ ਹੰਸਰਾ ਨੇ ਦਾਅਵਾ ਕੀਤਾ ਕਿ ਅਤਿਵਾਦੀ ਖ਼ਤਰੇ ਬਾਰੇ ਕੈਨੇਡਾ ਸਰਕਾਰ ਦੀ ਰਿਪੋਰਟ ਪ੍ਰਵਾਸੀਆਂ ਪ੍ਰਤੀ ਨਫ਼ਰਤ ਨੂੰ ਹੁਲਾਰਾ ਦੇ ਰਹੀ ਹੈ ਅਤੇ ਨਿਊਜ਼ੀਲੈਂਡ ਦੀ ਤਰਜ਼ 'ਤੇ ਵਾਰਦਾਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਨੂੰ ਸਿੱਖ ਵੱਖਵਾਦੀਆਂ ਦੀ ਵਿਚਾਰਧਾਰਾ ਅਤੇ ਇਨ•ਾਂ ਦੀਆਂ ਸਰਗਰਮੀਆਂ ਤੋਂ ਖ਼ਤਰਾ ਹੈ।

ਹੋਰ ਖਬਰਾਂ »