9 ਦਿਨ ਰਹੇਗਾ ਜੇਲ 'ਚ

ਲੰਡਨ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : 13 ਹਜ਼ਾਰ ਕਰੋੜ ਰੁਪਏ ਦੇ ਪੀਐਨਬੀ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਅੱਜ ਲੰਡਨ 'ਚ ਗ੍ਰਿਫ਼ਤਾਰ ਕੀਤਾ ਗਿਆ ਤੇ ਅਦਾਲਤ ਨੇ ਉਸ ਦੀ ਜ਼ਮਾਨਤੀ ਅਰਜ਼ੀ ਵੀ ਰੱਦ ਕਰ ਦਿੱਤੀ। ਹੁਣ ਉਸ ਦਾ 9 ਦਿਨ ਜੇਲ• ਵਿੱਚ ਰਹਿਣਾ ਤਾਂ ਤੈਅ ਹੋ ਗਿਆ ਤੇ ਅਗਲੀ ਸੁਣਵਾਈ 29 ਮਾਰਚ ਨੂੰ ਹੋਵੇਗੀ। ਭਗੌੜੇ ਨੀਰਵ ਮੋਦੀ ਨੂੰ ਅੱਜ ਹੋਲਬੋਰਨ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਵੈਸਟ ਮਿੰਸਟਰ ਕੋਰਟ 'ਚ ਉਸ ਨੂੰ ਪੇਸ਼ ਕੀਤਾ ਗਿਆ। ਨੀਰਵ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਕੋਰਟ ਨੇ ਰੱਦ ਕਰਕੇ ਉਸ ਨੂੰ ਜੇਲ• ਭੇਜ ਦਿੱਤਾ। ਇਸੇ ਅਦਾਲਤ ਨੇ ਹੀ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਈ.ਡੀ. ਅਤੇ ਸੀਬੀਆਈ ਦੇ ਅਧਿਕਾਰੀ ਅਗਲੇ ਹਫ਼ਤੇ ਨੀਰਵ ਮੋਦੀ ਦੀ ਹਵਾਲਗੀ ਲਈ ਲੋੜੀਂਦੇ ਕਾਗਜ਼ ਲੈ ਕੇ ਲੰਡਨ ਰਵਾਨਾ ਹੋਣਗੇ। ਈਡੀ ਨੀਰਵ ਮੋਦੀ ਦੀਆਂ 173 ਪੇਂਟਿੰਗਜ਼ ਅਤੇ 11 ਕਾਰਾਂ ਨੀਲਾਮ ਕਰਨ ਲਈ ਪੀ.ਐਮ.ਐਲ.ਏ. ਕੋਰਟ ਤੋਂ ਮਨਜ਼ੂਰੀ ਲੈ ਚੁੱਕਾ ਹੈ, ਜਿਨ•ਾਂ ਰੌਲਸ ਰਾਇਸ, ਪੋਰਸ਼, ਮਰਸਡੀਜ਼ ਅਤੇ ਟੋਇਟਾ ਫਾਰਚੂਨਰ ਗੱਡੀਆਂ ਸ਼ਾਮਲ ਹਨ। ਉੱਧਰ, ਪੀ.ਐਮ.ਐਲ.ਏ. ਕੋਰਟ ਨੇ ਨੀਰਵ ਦੀ ਪਤਨੀ ਐਮੀ ਮੋਦੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਟੈਲੀਗ੍ਰਾਫ਼ ਮੁਤਾਬਕ, ਨੀਰਵ ਲੰਡਨ ਦੇ ਵੈਸਟ ਐਂਡ ਇਲਾਕੇ 'ਚ 72 ਕਰੋੜ ਰੁਪਏ ਦੇ ਅਪਾਰਟਮੈਂਟ 'ਚ ਰਹਿ ਰਿਹਾ ਹੈ। ਇਸ ਲਈ ਹਰ ਮਹੀਨੇ ਉਹ 15.5 ਲੱਖ ਰੁਪਏ ਕਿਰਾਇਆ ਅਦਾ ਕਰਦਾ ਸੀ। ਉਸ ਨੇ ਲੰਡਨ ਵਿੱਚ ਹੀਰਿਆਂ ਦਾ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਲਿਆ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨਾਲ ਮਿਲ ਕੇ 13,700 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਸੀਬੀਆਈ ਅਤੇ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਦੋਸ਼ੀਆਂ ਵਿਰੁੱਧ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਵੀ ਮਾਮਲਾ ਚੱਲ ਰਿਹਾ ਹੈ।

ਹੋਰ ਖਬਰਾਂ »