ਲੋਕ ਸਭਾ ਚੋਣਾਂ : ਸੰਗਰੂਰ ਹਲਕੇ ਦਾ 20 ਸਾਲਾਂ ਦਾ ਲੇਖਾ ਜੋਖਾ
ਦੋ ਦਹਾਕਿਆਂ 'ਚ ਦੂਜੀ ਵਾਰ ਸਾਂਸਦ ਨਹੀਂ ਬਣਿਆ ਕੋਈ ਨੇਤਾ 
ਸੰਗਰੂਰ, 22 ਮਾਰਚ, (ਹ.ਬ.) : ਸੰਗਰੂਰ ਸੰਸਦੀ ਖੇਤਰ ਦੇ ਵੋਟਰਾਂ ਨੇ ਕਿਸੇ ਨੇਤਾ ਨੂੰ ਲਗਾਤਾਰ ਦੋ ਵਾਰ ਸਾਂਸਦ ਨਹੀਂ ਚੁਣਿਆ ਹੈ। ਪਿਛਲੇ ਵੀਹ ਸਾਲ ਤੋਂ ਇਹੀ ਰਵਾਇਤ ਚਲੀ ਆ ਰਹੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਇੱਕੋ ਇੱਕ ਅਜਿਹੇ ਨੇਤਾ ਰਹੇ ਹਨ ਜਿਨ੍ਹਾਂ ਨੇ 1996 ਦੀ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਦੇ ਦੋ ਸਾਲ ਬਾਅਦ 1998 ਵਿਚ ਹੋਈ ਮੱਧਕਾਲੀ ਚੋਣਾਂ ਵਿਚ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ 2014 ਵਿਚ ਲੋਕ ਸਭਾ ਚੋਣਾਂ ਵਿਚ ਕਰੀਬ ਸਵਾ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਤਦ ਕਾਂਗਰਸ ਦੀ ਗੁੱਟਬਾਜ਼ੀ ਦੇ ਚਲਦਿਆਂ ਪਾਰਟੀ ਦੇ ਵੋਟ ਬੈਂਕ ਵਿਚ ਜ਼ਬਰਦਸਤ ਸੰਨ੍ਹ ਲੱਗੀ ਸੀ ਅਤੇ ਪਾਰਟੀ ਦੇ ਕਰੀਬ ਅੱਧੇ ਵੋਟ, ਆਮ ਆਦਮੀ ਪਾਰਟੀ ਦੇ ਖਾਤੇ ਵਿਚ ਚਲੇ ਗਏ ਸਨ। ਇਸੇ ਕਾਰਨ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਅਪਣੀ ਜ਼ਮਾਨਤ ਨਹੀਂ ਬਚਾ ਸਕੇ ਸਨ। ਇਸ ਵਾਰ ਆਮ ਆਦਮੀ ਪਾਰਟੀ ਤੋਂ ਖਹਿਰਾ ਗਰੁੱਪ ਦੇ ਅਲੱਗ ਹੋਣ ਨਾਲ ਨਵੀਂ ਸਿਆਸੀ ਤਸਵੀਰ ਬਣ ਸਕਦੀ ਹੈ। ਜਦ ਕਿ ਹੋਰ ਸਿਆਸੀ ਦਲਾਂ 'ਤੇ ਵੀ ਅੰਦਰੂਨੀ ਫੁੱਟ ਦੇ ਬੱਦਲ ਮੰਡਰਾ ਰਹੇ ਹਨ। 
ਸਾਂਸਦ ਭਗਵੰਤ ਮਾਨ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਵਿਜੇਇੰਦਰ ਸਿੰਗਲਾ ਨੇ 2009 ਵਿਚ ਇੱਥੋਂ ਚੋਣ ਜਿੱਤੀ ਸੀ। 2004 ਵਿਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਸਾਂਸਦ ਬਣੇ ਸਨ। 1999 ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਸਾਂਸਦ ਚੁਣੇ ਗਏ ਸਨ ਅਤੇ 1998 ਤੇ 1996 ਵਿਚ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਬਰਨਾਲਾ ਸਾਂਸਦ ਬਣੇ ਸਨ। 
ਕਾਂਗਰਸ ਦੇ ਗੁਰਚਰਣ ਸਿੰਘ ਦਦਾਹੂਰ 1991 ਵਿਚ ਅਤੇ ਅਕਾਲੀ ਦਲ ਮਾਨ ਦੇ ਰਾਜਦੇਵ ਸਿੰਘ 1989 ਵਿਚ ਇੱਥੋਂ ਸੰਸਦ ਪੁੱਜੇ ਸੀ। 1984 ਵਿਚ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ, 1980 ਵਿਚ ਕਾਂਗਰਸ ਦੇ ਗੁਰਚਰਣ ਸਿੰਘ ਨਿਹਾਲ ਸਿੰਘ ਵਾਲਾ ਅਤੇ 1977 ਵਿਚ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਨੇ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ। 1971 ਵਿਚ ਕਮਿਊਂਿਨਸ ਪਾਰਟੀ ਆਫ਼ ਇੰਡੀਆ ਦੇ ਤੇਜਾ ਸਿੰਘ ਇੱਥੋਂ ਸਾਂਸਦ ਚੁਣੇ ਗਏ ਸਨ।
1962 ਵਿਚ ਸੀਪੀਆਈ ਦੇ ਰਣਜੀਤ ਸਿੰਘ ਸਾਂਸਦ ਬਣੇ ਸਨ।   ਸੰਗਰੂਰ  ਸੰਸਦੀ ਸੀਟ 'ਤੇ ਸਿਆਸੀ ਪੱਤੇ ਪੂਰੀ ਤਰ੍ਹਾਂ ਨਹੀਂ ਖੁਲ੍ਹੇ ਹਨ। ਚੋਣ ਪ੍ਰਚਾਰ ਨੇ ਵੀ ਜ਼ੋਰ ਨਹੀਂ ਫੜਿਆ ਹੈ। ਅਜਿਹੇ ਵਿਚ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵੋਟਰਾਂ ਦੀ ਚੁੱਪੀ ਨੂੰ ਤੋੜਨ ਵਿਚ ਕਿਸ ਸਿਆਸੀ ਪਾਰਟੀ ਦਾ ਨੇਤਾ ਸਫਲ ਹੁੰਦਾ ਹੈ। 

ਹੋਰ ਖਬਰਾਂ »