ਬਰਨਾਲਾ, 22 ਮਾਰਚ, ਹ.ਬ. : ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦੇ ਦੋਸ਼ 'ਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਨੇ ਦੱਸਿਆ ਕਿ ਬਰਨਾਲਾ ਨਿਵਾਸੀ ਗੁਰਪਿੰਦਰ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਬਲਜੀਤ ਰਤਨ ਅਤੇ ਮੋਹਿਤ ਸ਼ਰਮਾ ਵਾਸੀ ਬਰਨਾਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੇਸ 'ਚ ਨਾਮਜ਼ਦ ਦੋਵੇਂ ਮੁਲਜ਼ਮਾਂ ਨੇ ਕੈਨੇਡਾ ਭੇਜਣ ਲਈ 15 ਲੱਖ ਰੁਪਏ 'ਚ ਗੱਲ ਕੀਤੀ ਸੀ। ਮੁਲਜ਼ਮਾਂ ਨੇ 11 ਲੱਖ ਰਪੁਏ ਪਹਿਲਾਂ ਲੈ ਲਏ ਅਤੇ ਬਾਕੀ ਚਾਰ ਲੱਖ ਰੁਪਏ ਵੀਜ਼ਾ ਆਉਣ ਤੋਂ ਬਾਅਦ ਲੈਣੇ ਸਨ ਪਰ ਹੁਣ ਤੱਕ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਮੁਲਜ਼ਮਾਂ ਨੇ ਪੰਚਾਇਤੀ ਰਾਜ਼ੀਨਾਮਾ ਕਰ ਲਿਆ ਅਤੇ ਇੱਕ ਲੱਖ ਰੁਪਏ ਦੀ ਰਕਮ ਵਾਪਸ ਕਰ ਦਿੱਤੀ ਅਤੇ ਬਾਕੀ ਰਕਮ ਕਿਸ਼ਤਾਂ 'ਚ ਦੇਣੀ ਸੀ, ਜੋ ਹਾਲੇ ਤੱਕ ਨਹੀਂ ਦਿੱਤੀ। ਇੱਕ ਹੋਰ ਕੇਸ 'ਚ ਪੁਲਸ ਨੇ ਪਰਮਜੀਤ ਕੌਰ ਵਾਸੀ ਬਰਨਾਲਾ ਦੇ ਬਿਆਨਾਂ 'ਤੇ ਕੁਲਦੀਪ ਸਿੰਘ ਵਾਸੀ ਮਾਮਹਦਪੁਰ (ਸੰਗਰੂਰ) 'ਤੇ 15 ਲੱਖ ਦੀ ਦੁਕਾਨ ਖਰੀਦ ਕੇ ਦੇਣ ਦੇ ਬਹਾਨੇ ਠੱਗੀ ਮਾਰਨ ਦੇ ਦੋਸ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵੱਲੋਂ 11 ਫਰਵਰੀ ਨੂੰ ਜ਼ਿਲ੍ਹਾ ਪੁਲਸ ਮੁਖੀ ਹਰਜੀਤ ਸਿੰਘ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਸਾਲ 2015 'ਚ ਉਸ ਨੇ ਆਪਣੀ ਜ਼ਮੀਨ ਫਰਵਾਹੀ ਵਿਚ ਵੇਚੀ ਸੀ ਅਤੇ ਮੁਲਜ਼ਮ ਨੇ ਉਸ ਕੋਲੋਂ 15 ਲੱਖ ਰੁਪਏ ਦੀ ਮੰਗ ਕੀਤੀ ਕਿ ਉਸ ਨੇ ਅ੍ਰਮਿੰਤਸਰ 'ਚ ਦੁਕਾਨ ਖਰੀਦਣੀ ਹੈ ਅਤੇ ਉਸ ਨੇ ਉਸ ਨੂੰ 15 ਲੱਖ ਰੁਪਏ ਦੀ ਬਜਾਏ 20 ਲੱਖ ਰੁਪਏ ਦੇ ਦਿਵਾਉਣ ਦੀ ਗੱਲ ਆਖੀ ਅਤੇ ਅਜਿਹਾ ਨਾ ਹੋਣ 'ਤੇ ਦੁਕਾਨ ਦੀ ਰਜਿਸਟਰੀ ਨਾਮ ਕਰਵਾਉਣ ਦਾ ਇਕਰਾਰ ਕੀਤਾ। ਮੁਲਜ਼ਮ ਨੇ ਨਾ ਤਾਂ ਉਸ ਨੂੰ ਦੁਕਾਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਹੋਰ ਖਬਰਾਂ »