ਸੰਗਰੂਰ, 22 ਮਾਰਚ, (ਹ.ਬ.) :  ਸੰਗਰੂਰ ਦੇ ਧੂਰੀ ਵਿਚ ਪਹੁੰਚ ਕੇ ਸੁਖਬੀਰ ਬਾਦਲ ਨੇ ਧਰਨੇ 'ਤੇ ਬੈਠੇ ਗੰਨਾ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਧੂਰੀ ਵਿਚ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨਾ ਦੋ ਜਗ੍ਹਾ ਚਲ ਰਿਹਾ ਹੈ। ਇੱਕ ਜਗ੍ਹਾ ਕਿਸਾਨਾਂ ਨੇ ਹਾਈਵੇ ਜਾਮ ਕੀਤਾ ਹੋਇਆ ਤੇ ਦੂਜੇ ਪਾਸੇ ਕਿਸਾਨ ਮਰਨ ਵਰਤ 'ਤੇ ਮਿਲ ਗੇਟ ਦੇ ਸਾਹਮਣੇ ਬੈਠੇ ਹਨ। ਕਿਸਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ 18 ਤਾਰੀਕ ਤੋਂ ਸਾਡੇ ਵਰਕਰ ਧਰਨੇ 'ਤੇ ਬੈਠੇ ਹਨ। ਕੱਲ੍ਹ ਮਹਿੰਦਰ ਸਿੰਘ ਵੜੈਚ ਨੂੰ ਪੁਲਿਸ ਜਬਰੀ ਚੁੱਕ ਕੇ ਲੈ ਗਈ। ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਸਾਡਾ ਫ਼ੈਸਲਾ ਕਰਾਇਆ ਸੀ ਕਿ ਸ਼ੂਗਰ ਮਿੱਲ ਕਿਸਾਨਾਂ ਨੂੰ ਡੇਢ ਕਰੋੜ ਰੋਜ਼ਾਨਾ ਦੇਵੇਗੀ ਪਰ ਇਹ ਰਕਮ ਵੀ ਸਾਨੂੰ 2-3 ਦਿਨ ਹੀ ਮਿਲੀ। ਉਸ ਤੋਂ ਬਾਅਦ ਪੈਸੇ ਨਹੀਂ ਮਿਲੇ। ਸਾਡੇ ਧਰਨੇ 'ਚ ਕੋਈ ਵੀ ਆ ਸਕਦਾ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਅਕਾਲੀ ਜਾਂ ਆਮ ਆਦਮੀ ਪਾਰਟੀ ਵਾਲੇ। ਅਸੀਂ ਤਾਂ ਸ਼ੂਗਰ ਮਿਲ ਵਾਲਿਆਂ ਕੋਲੋਂ ਪੈਸੇ ਲੈਣੇ ਹਨ।  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ ਦੀ ਫਸਲ ਦੇ ਪੈਸੇ ਨਹੀਂ ਮਿਲ ਰਹੇ। ਕਿਸਾਨ ਕੋਈ ਭੀਖ ਨਹੀਂ ਮੰਗ ਰਹੇ, ਅਪਣਾ ਹੱਕ ਮੰਗ ਰਹੇ ਹਨ।

ਹੋਰ ਖਬਰਾਂ »