ਖ਼ਾਲੀ ਕਰ ਕੇ ਵਾਪਸ ਵੀ ਰੱਖਣ ਆਇਆ

ਮੈਲਬਰਨ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਇਕ ਗੁਰਦਵਾਰੇ ਵਿਚ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਇਆ ਵਿਅਕਤੀ ਜਦੋਂ ਗੋਲਕ ਤੋੜਨ ਵਿਚ ਅਸਫ਼ਲ ਰਿਹਾ ਤਾਂ ਇਸ ਚੁੱਕ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵਿਕਟੋਰੀਆ ਪੁਲਿਸ ਨੇ ਦੱਸਿਆ ਕਿ ਚੋਰ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ ਜੋ ਮੈਲਬਰਨ ਦੇ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਅਤੇ ਬਗ਼ੈਰ ਕਿਸੇ ਡਰ ਤੋਂ ਗੋਲਕ ਚੁੱਕ ਲਈ। ਚੋਰ ਭਾਰਤੀ ਮੂਲ ਦਾ ਨਜ਼ਰ ਆਉਂਦਾ ਹੈ ਜਿਸ ਨੇ ਗੋਲਕ ਚੋਰੀ ਕਰਨ ਤੋਂ ਪਹਿਲਾਂ ਮੱਥਾ ਟੇਕਿਆ। ਇਹ ਘਟਨਾ ਤਿੰਨ ਹਫ਼ਤੇ ਪਹਿਲਾਂ ਵਾਪਰੀ ਅਤੇ ਪੁਲਿਸ ਕਾਰਵਾਈ ਦੀ ਉਡੀਕ ਦੇ ਮੱਦੇਨਜ਼ਰ ਇਸ ਨੂੰ ਜਨਤਕ ਨਾ ਕੀਤਾ ਗਿਆ। ਸੀਸੀਟੀਵੀ ਕੈਮਰੇ ਸਾਫ਼ ਨਜ਼ਰ ਆਉਂਦਾ ਹੈ ਕਿ ਚੋਰ ਗੁਰਦਵਾਰਾ ਸਾਹਿਬ ਵਿਚ ਦਾਖ਼ਲ ਹੋਣ ਮਗਰੋਂ ਮੱਥਾ ਟੇਕਦਾ ਹੈ। ਚੋਰ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਸ ਵੇਲੇ ਗੁਰੂ ਘਰ ਵਿਚ ਕੋਈ ਨਹੀਂ ਹੁੰਦਾ ਜਿਸ ਨਾਲ ਕੰਮ ਸੌਖਾ ਹੋ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਾਇਕ ਸਕੱਤਰ ਨੇ ਦਸਿਆ ਕਿ ਤਸਵੀਰਾਂ ਤੋਂ ਚੋਰ ਭਾਰਤੀ ਭਾਈਚਾਰੇ ਦਾ ਨਜ਼ਰ ਆਉਂਦਾ ਹੈ ਜਿਸ ਦੀਆਂ ਤਸਵੀਰਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਭੇਜ ਦਿਤੀਆਂ ਗਈਆਂ ਹਨ। ਪੁਲਿਸ ਵੱਲੋਂ ਜਾਰੀ ਚੋਰ ਦੇ ਹੁਲੀਏ ਮੁਤਾਬਕ ਉਸ ਦਾ ਰੰਗ ਕਣਕਵੰਨਾ, ਵਾਲ ਕਾਲੇ ਅਤੇ ਕੱਦ ਤਕਰੀਬਨ 175 ਸੈਂਟੀਮੀਟਰ ਹੈ। ਇਹ ਵੀ ਪਤਾ ਲੱਗਾ ਹੈ ਕਿ ਚੋਰ ਨੇ ਦਰਬਾਰ ਹਾਲ ਦੇ ਬਾਹਰਲੀ ਗੋਲਕ ਚੁੱਕੀ ਕਿਉਂਕਿ ਅੰਦਰਲੀ ਗੋਲਕ ਚੁੱਕਣ 'ਚ ਉਹ ਅਸਫ਼ਲ ਰਿਹਾ। ਹੈਰਾਨੀ ਇਸ ਗੱਲ ਦੀ ਹੈ ਕਿ ਚੋਰ, ਖ਼ਾਲੀ ਗੋਲਕ ਵਾਪਸ ਵੀ ਰੱਖ ਗਿਆ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਗੋਲਕ ਚੋਰ ਆਤਮ ਸਮਰਪਣ ਕਰ ਦੇਵੇਗਾ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਖਬਰਾਂ »