ਅਪਰਾਧੀਆਂ ਅਤੇ ਭ੍ਰਿਸ਼ਟ ਅਫ਼ਸਰਾਂ ਨੇ 20 ਅਰਬ ਡਾਲਰ ਨਿਵੇਸ਼ ਕੀਤੇ

ਟੋਰਾਂਟੋ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਰੀਅਲ ਅਸਟੇਟ ਬਾਜ਼ਾਰ ਵਿਚ ਕੀਮਤਾਂ ਵਧਣ ਦਾ ਮੁੱਖ ਕਾਰਨ ਅਪਰਾਧੀਆਂ ਦੁਆਰਾ ਨਿਵੇਸ਼ ਕੀਤਾ ਜਾਣ ਵਾਲਾ ਪੈਸਾ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਕੈਨੇਡਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ, ''ਮੁਲਕ ਦੇ ਨਿਯਮ-ਕਾਨੂੰਨਾਂ ਵਿਚ ਚੋਰ ਮੋਰੀਆਂ ਦਾ ਫ਼ਾਇਦਾ ਅਪਰਾਧੀ ਉਠਾਉਂਦੇ ਹਨ ਅਤੇ ਆਪਣਾ ਕਾਲਾ ਧਨ ਨਿਵੇਸ਼ ਕਰ ਕੇ ਆਮ ਲੋਕਾਂ ਲਈ ਮਕਾਨ ਖ਼ਰੀਦਣਾ ਮੁਸ਼ਕਲ ਕਰ ਦਿੰਦੇ ਹਨ। ਕੈਨੇਡਾ ਵਿਚ ਰੀਅਲ ਅਸਟੇਟ ਰਾਹੀਂ ਵਿੱਤੀ ਅਪਰਾਧ ਕਰਨਾ ਬੇਹੱਦ ਸੌਖਾ ਹੈ ਅਤੇ ਅਪਰਾਧੀ ਇਸ ਗੱਲ ਨੂੰ ਚੰਗੀ ਤਰ•ਾਂ ਸਮਝਦੇ ਹਨ। ਭ੍ਰਿਸ਼ਟ ਸਰਕਾਰੀ ਅਫ਼ਸਰ ਅਤੇ ਗੈਂਗਸਟਰ ਇਸ ਖੇਤਰ ਵਿਚ ਸੁਰੱਖਿਅਤ ਤਰੀਕੇ ਨਾਲ ਨਿਵੇਸ਼ ਕਰ ਕੇ ਆਪਣੇ ਨਾਜਾਇਜ਼ ਪੈਸੇ ਨੂੰ ਜਾਇਜ਼ ਬਣਾਉਣ ਵਿਚ ਸਫ਼ਲ ਰਹਿੰਦੇ ਹਨ।'' ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਪਿਛਲੇ ਦਿਨੀਂ ਪੇਸ਼ ਬਜਟ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਜਾਇਦਾਦ ਦੀ ਖ਼ਰੀਦ ਰਹੀਂ ਮਨੀ ਲਾਂਡਰਿੰਗ ਨੂੰ ਨੱਥ ਪਾਉਣ ਦੇ ਉਪਾਅ ਕੀਤੇ ਗਏ ਹਨ ਪਰ ਟੋਰਾਂਟੋ ਦੇ ਬਾਜ਼ਾਰ ਨੂੰ ਪੂਰੀ ਤਰ•ਾਂ ਨਜ਼ਰਅੰਦਾਜ਼ ਕਰ ਦਿਤਾ ਗਿਆ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਕੈਨੇਡਾ ਵੱਲੋਂ 2008 ਮਗਰੋਂ ਜੀ.ਟੀ.ਏ. ਵਿਚ ਰਿਹਾਇਸ਼ੀ ਜਾਇਦਾਦ ਦੀ ਖ਼ਰੀਦ-ਫ਼ਰੋਖ਼ਤ ਨਾਲ ਸਬੰਧਤ ਹਰ ਲੈਣ-ਦੇਣ ਦਾ ਘੋਖ ਕੀਤੀ ਗਈ ਜਿਸ ਰਾਹੀਂ 20 ਅਰਬ ਡਾਲਰ ਦੀ ਬੇਨਾਮੀ ਰਕਮ ਸਾਹਮਣੇ ਆਈ। ਰਿਪੋਰਟ ਕਹਿੰਦੀ ਹੈ ਕਿ ਪਿਛਲੇ 11 ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਮਕਾਨਾਂ ਦੀ ਖ਼ਰੀਦ ਕਾਰਪੋਰੇਟ ਕੰਪਨੀਆਂ ਨੇ ਕੀਤੀ ਅਤੇ ਇਸ ਤਰੀਕੇ ਨਾਲ ਜਾਇਦਾਦ ਦੇ ਅਸਲ ਮਾਲਕ ਦਾ ਨਾਂ ਸੌਖਿਆਂ ਹੀ ਪਰਦੇ ਹੇਠ ਰੱਖਿਆ ਜਾ ਸਕਦਾ ਹੈ। ਸਿਰਫ਼ ਐਨਾ ਹੀ ਨਹੀਂ ਮਕਾਨ ਖ਼ਰੀਦਣ ਲਈ ਵਰਤਿਆ ਗਿਆ ਦੋ-ਤਿਹਾਈ ਪੈਸਾ ਅਣਦੱਸੇ ਸਰੋਤਾਂ ਤੋਂ ਆਇਆ। 9.8 ਅਰਬ ਡਾਲਰ ਦੀ ਰਕਮ ਨਕਦ ਰੂਪ ਵਿਚ ਪੁੱਜੀ ਜਦਕਿ 10.4 ਅਰਬ ਡਾਲਰ ਗੈਰ-ਮਾਨਤਾ ਪ੍ਰਾਪਤ ਕੰਪਨੀਆਂ ਤੋਂ ਮੌਰਗੇਜ ਦੇ ਰੂਪ ਵਿਚ ਆਏ।

ਹੋਰ ਖਬਰਾਂ »