ਵੱਖਵਾਦ ਨੂੰ ਹੁਲਾਰਾ ਦੇਣ ਦੇ ਦੋਸ਼ ਹੇਠ ਜੇ.ਕੇ.ਐਲ.ਐਫ਼. ਉਪਰ ਵੀ ਪਾਬੰਦੀ

ਨਵੀਂ ਦਿੱਲੀ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਜਮਾਤ ਏ ਇਸਲਾਮੀ 'ਤੇ ਪਾਬੰਦੀ ਲਾਉਣ ਅਤੇ ਇਸ ਦੇ ਆਗੂਆਂ ਦੀ ਗ੍ਰਿਫ਼ਤਾਰੀ ਮਗਰੋਂ ਭਾਰਤ ਸਰਕਾਰ ਨੇ ਕਸ਼ਮੀਰ ਵਿਚ ਵੱਖਵਾਦ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) 'ਤੇ ਪਾਬੰਦੀ ਲਾ ਦਿਤੀ। ਅਧਿਕਾਰੀਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਸੁਰੱਖਿਆ ਬਾਰੇ ਉਚ ਪੱਧਰੀ ਬੈਠਕ ਮਗਰੋਂ ਜਥੇਬੰਦੀ ਉਪਰ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਪਾਬੰਦੀ ਲਾਈ ਗਈ ਹੈ। ਕੇਂਦਰ  ਸਰਕਾਰ ਦਾ ਮੰਨਣਾ ਹੈ ਕਿ ਜੇਕੇਐਲਐਫ ਦਹਿਸ਼ਤੀ ਜਥੇਬੰਦੀਆਂ ਦੇ ਸੰਪਰਕ 'ਚ ਹੈ ਅਤੇ ਉਹ ਜੰਮੂ ਕਸ਼ਮੀਰ ਵਿਚ ਵੱਖਵਾਦ ਅਤੇ ਦਹਿਸ਼ਤਗਰਦੀ ਨੂੰ ਹਮਾਇਤ ਦੇ ਰਹੀ ਹੈ। ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਨੇ ਕਿਹਾ ਕਿ ਜੇਕੇਐਲਐਫ 'ਤੇ ਸਰਕਾਰ ਦੀ ਅਤਿਵਾਦ ਨਾਲ ਕਰੜੇ ਹੱਥੀਂ ਨਜਿੱਠਣ ਦੀ ਨੀਤੀ ਤਹਿਤ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਯਾਸੀਨ ਮਲਿਕ ਇਸ ਵੇਲੇ ਜੰਮੂ ਦੀ ਕੋਟ ਬਲਾਵਲ ਜੇਲ• ਵਿਚ ਬੰਦ ਹੈ। ਉਹ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬਈਆ ਸਈਦ ਨੂੰ ਅਗ਼ਵਾ ਕਰਨ ਦੇ ਤਿੰਨ ਦਹਾਕੇ ਪੁਰਾਣੇ ਕੇਸ ਅਤੇ ਸ੍ਰੀਨਗਰ ਵਿਚ ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਰਾਜੀਵ ਗਾਬਾ ਮੁਤਾਬਕ ਜੇਕੇਐਲਐਫ ਖ਼ਿਲਾਫ਼ ਜੰਮੂ ਕਸ਼ਮੀਰ ਪੁਲਿਸ ਵੱਲੋਂ 37 ਮਾਮਲੇ ਦਰਜ ਹਨ।

ਹੋਰ ਖਬਰਾਂ »