ਨਵੀਂ ਦਿੱਲੀ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਦੋ ਹਫ਼ਤੇ ਲਈ ਟਲ ਗਈ ਹੈ। ਸੱਜਣ ਕੁਮਾਰ ਦੀ ਅਰਜ਼ੀ 'ਤੇ ਸੁਣਵਾਈ ਕਰ ਰਹੇ ਬੈਂਚ ਵਿਚ ਸ਼ਾਮਲ ਜਸਟਿਸ ਸੰਜੀਵ ਖੰਨਾ ਨੇ ਖ਼ੁਦ ਨੂੰ ਇਸ ਮਾਮਲੇ ਤੋਂ ਦੂਰ ਕਰ ਲਿਆ ਸੀ ਜਿਸ ਦੇ ਸਿੱਟੇ ਵਜੋਂ ਅਦਾਲਤੀ ਕਾਰਵਾਈ ਨੂੰ ਦੋ ਹਫ਼ਤੇ ਲਈ ਅੱਗੇ ਪਾਉਣਾ ਪਿਆ। ਚੇਤੇ ਰਹੇ ਕਿ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸਾਬਕਾ ਕਾਂਗਰਸੀ ਆਗੂ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਦਿਤੀ। ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਸੀ.ਬੀ.ਆਈ. ਆਖ ਚੁੱਕੀ ਹੈ ਕਿ 1984  ਦਾ ਸਿੱਖ ਕਤਲੇਆਮ ਇਕ ਧਰਮ ਵਿਸ਼ੇਸ਼ ਦਾ ਨਹੀਂ ਸਗੋਂ ਮਨੁੱਖਤਾ ਵਿਰੁੱਧ ਕੀਤਾ ਗਿਆ ਅਪਰਾਧ ਸੀ। ਸੀ.ਬੀ.ਆਈ. ਨੇ ਦਲੀਲ ਦਿਤੀ ਸੀ ਕਿ ਜ਼ਮਾਨਤ 'ਤੇ ਬਾਹਰ ਆਉਣ ਦੀ ਸੂਰਤ ਵਿਚ ਸੱਜਣ ਕੁਮਾਰ ਆਪਣੇ ਵਿਰੁੱਧ ਚੱਲ ਰਹੇ ਇਕ ਹੋਰ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਤ ਕਰ ਸਕਦਾ ਹੈ।

ਹੋਰ ਖਬਰਾਂ »