ਬਰੈਂਪਟਨ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : 8 ਸਾਲ ਤੋਂ ਘੱਟ ਉਮਰ ਦੀਆਂ ਤਿੰਨ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਨੂੰ ਬਰੈਂਪਟਨ ਵਿਚ ਛੱਡੇ ਜਾਣ ਤੋਂ ਸ਼ਹਿਰ ਦੇ ਲੋਕ ਡੂੰਘੀ ਚਿੰਤਾ ਵਿਚ ਹਨ। ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੂੰ ਪੱਤਰ ਲਿਖ ਕੇ ਸੈਕਸ ਅਪਰਾਧੀ ਨੂੰ ਤੁਰਤ ਸ਼ਹਿਰ ਵਿਚੋਂ ਹਟਾਏ ਜਾਣ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਮੈਥਿਊ ਹਾਰਕਸ ਜਿਸ ਨੂੰ ਹੁਣ ਮੈਡੀਲਿਨ ਹਾਰਕਸ ਵਜੋਂ ਜਾਣਿਆ ਜਾਂਦਾ ਹੈ, ਨੂੰ ਤਿੰਨ ਬੱਚੀਆਂ ਦੇ ਜਿਸਮਾਨੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ 60 ਕੁੜੀਆਂ ਨੂੰ ਸ਼ਿਕਾਰ ਬਣਾ ਚੁੱਕਾ ਹੈ। 36 ਸਾਲ ਦੇ ਮੈਡੀਲਿਨ ਨੂੰ ਕਈ ਸ਼ਰਤਾਂ ਦੇ ਆਧਾਰ 'ਤੇ ਲੰਮਾ ਸਮਾਂ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿਤੇ ਗਏ ਹਨ ਅਤੇ ਉਹ ਡਾਊਨਟਾਊਨ ਦੇ ਇਕ ਮਕਾਨ ਵਿਚ ਰਹਿ ਰਿਹਾ ਹੈ। ਮੈਡੀਲਿਨ 'ਤੇ ਲਾਗੂ ਬੰਦਿਸ਼ਾਂ ਤਹਿਤ ਉਹ ਸਵਿਮਿੰਗ ਪੂਲਜ਼, ਡੇਅਕੇਅਰਜ਼, ਸਕੂਲ ਮੈਦਾਨਾਂ ਜਾਂ ਕਮਿਊਨਿਟੀ ਸੈਂਟਰ ਦੇ ਨੇੜੇ ਨਹੀਂ ਜਾ ਸਕਦਾ ਪਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਵਾਰ-ਵਾਰ ਅਪਰਾਧ ਕਰਨ ਵਾਲਾ ਆਪਣੀਆਂ ਆਦਤਾਂ ਤੋਂ ਕਦੇ ਬਾਜ਼ ਨਹੀਂ ਆ ਸਕਦਾ। ਉਨ•ਾਂ ਕਿਹਾ ਕਿ ਬਰੈਂਪਟਨ ਦੇ ਬਾਸ਼ਿੰਦਿਆਂ, ਖ਼ਾਸ ਤੌਰ 'ਤੇ ਸਾਡੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਉਪਰ ਹੈ ਅਤੇ ਮੈਡੀਲਿਨ ਨੂੰ ਇਥੇ ਰੱਖ ਕੇ ਮੁੜ ਅਪਰਾਧ ਕਰਨ ਦਾ ਮੌਕਾ ਨਹੀਂ ਦਿਤਾ ਜਾਣਾ ਚਾਹੀਦਾ। ਗੁਰਪ੍ਰੀਤ ਸਿੰਘ ਢਿੱਲੋਂ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ 'ਤੇ ਤੁਰਤ ਕਾਰਵਾਈ ਕੀਤੀ ਜਾਵੇ। ਉਧਰ ਮੇਅਰ ਪੈਟ੍ਰਿਕ ਬ੍ਰਾਊਨ ਵੀ ਖ਼ਦਸ਼ਾ ਜ਼ਾਹਰ ਕਰ ਚੁੱਕੇ ਹਨ ਕਿ ਮੈਡੀਲਿਨ ਚਾਰ ਘੰਟੇ ਬਗ਼ੈਰ ਕਿਸੇ ਨਿਗਰਾਨੀ ਤੋਂ ਰਹੇਗਾ ਅਤੇ ਇਸ ਸਮੇਂ ਦੌਰਾਨ ਉਹ ਕੁਝ ਵੀ ਕਰ ਸਕਦਾ ਹੈ। ਮੇਅਰ ਵੱਲੋਂ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ ਕੈਨੇਡਾ ਦੇ ਪੈਰੋਲ ਬੋਰਡ ਦੇ ਮੁਖੀ ਜੈਨੀਫ਼ਰ ਓਡੇਸ ਨੂੰ ਵੀ ਪੱਤਰ ਲਿਖਿਆ ਜਾ ਚੁੱਕਾ ਹੈ।

ਹੋਰ ਖਬਰਾਂ »