ਔਟਵਾ, 25 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ 'ਤੇ 6 ਮਈ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿਤਾ। ਐਨ.ਡੀ.ਪੀ. ਦੀ ਸ਼ੀਲਾ ਮੈਲਕਮਸਨ ਦੇ ਅਸਤੀਫ਼ੇ ਮਗਰੋਂ ਇਹ ਸੀਟ ਖ਼ਾਲੀ ਹੋ ਗਈ ਸੀ ਜਦੋਂ ਇਸ ਸਾਲ ਜਨਵਰੀ ਵਿਚ ਉਨ•ਾਂ ਨੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨ ਲਈ ਅਸਤੀਫ਼ਾ ਦੇ ਦਿਤਾ ਸੀ। ਲਿਬਰਲ ਪਾਰਟੀ ਵੱਲੋਂ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ ਤੋਂ ਮਿਸ਼ੇਲ ਕੋਰਫ਼ੀਲਡ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਜੌਹਨ ਹਿਰਸਟ ਨੂੰ ਉਮੀਦਵਾਰ ਥਾਪਿਆ ਗਿਆ ਹੈ। ਗਰੀਨ ਪਾਰਟੀ ਨੇ ਪੌਲ ਮੈਨਲੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਪੀਪਲਜ਼ ਪਾਰਟੀ ਵਿਚ ਉਮੀਦਵਾਰ ਐਲਾਨਣ ਵਿਚ ਪਿੱਛੇ ਨਹੀਂ ਰਹੀ ਅਤੇ ਜੈਨੀਫ਼ਰ ਕਲਾਰਕ ਨੂੰ ਟਿਕਟ ਦੇ ਦਿਤੀ। ਜੈਨੀਫ਼ਰ ਨੇ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜੌਹਨ ਹਿਰਸਟ ਤੋਂ ਹਾਰ ਗਈ। ਬ੍ਰਿਟਿਸ਼ ਕੋਲੰਬੀਆ ਵਿਚ ਸੱਤਾਧਾਰੀ ਐਨ.ਡੀ.ਪੀ. ਨੇ ਹਾਲੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਤੇ ਸਮਝਿਆ ਜਾ ਰਿਹਾ ਹੈ ਕਿ ਮੂਲ ਬਾਸ਼ਿੰਦਿਆਂ ਦੇ ਆਗੂ ਬੌਬ ਚੈਂਬਰਲਿਨ ਅਤੇ ਲੌਰਨ ਸੈਂਪਲ ਦਰਮਿਆਨ ਨਾਮਜ਼ਦਗੀ ਹਾਸਲ ਕਰਨ ਲਈ ਮੁਕਾਬਲਾ ਹੋ ਸਕਦਾ ਹੈ।

ਹੋਰ ਖਬਰਾਂ »