ਵਾਸ਼ਿੰਗਟਨ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕੀ ਕੰਪਨੀਆਂ ਦੇ ਦਬਾਅ ਅੱਗੇ ਝੁਕੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਉਸ ਧਮਕੀ ਤੋਂ ਪੈਰ ਪਿੱਛੇ ਖਿੱਚ ਲਏ ਜਿਸ ਵਿਚ ਮੈਕਸੀਕੋ ਨਾਲ ਲਗਦੀ ਸਰਹੱਦ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਟਰੰਪ ਨੇ ਪਿਛਲੇ ਸ਼ੁੱਕਰਵਾਰ ਨੂੰ ਦੱਖਣੀ ਸਰਹੱਦ ਸੀਲ ਕਰਨ ਦੀ ਧਮਕੀ ਦਿਤੀ ਸੀ ਪਰ ਮੰਗਲਵਾਰ ਨੂੰ ਇਹ ਕਹਿੰਦਿਆਂ ਪਿੱਛੇ ਹਟ ਗਏ ਕਿ ਉਨ•ਾਂ ਨੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਅਤੇ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਕੀ ਘਟਨਾਕ੍ਰਮ ਵਾਪਰਦਾ ਹੈ।
ਮਾਹਰਾਂ ਮੁਤਾਬਕ ਸਰਹੱਦ ਸੀਲ ਹੋਣ ਦੀ ਸੂਰਤ ਵਿਚ ਅਰਬਾਂ ਡਾਲਰ ਦਾ ਵਪਾਰ ਪ੍ਰਭਾਵਤ ਹੋਵੇਗਾ। ਆਟੋ ਕੰਪਨੀਆਂ ਨੇ ਵਾਈਟ ਹਾਊਸ ਨੂੰ ਨਿਜੀ ਤੌਰ 'ਤੇ ਚਿਤਾਵਨੀ ਦਿਤੀ ਸੀ ਕਿ ਰਾਸ਼ਟਰਪਤੀ ਦੇ ਇਸ ਕਦਮ ਨਾਲ ਅਮਰੀਕਾ ਵਿਚਲੇ ਪਲਾਂਟ ਕੁਝ ਹੀ ਦਿਨਾਂ ਵਿਚ ਬੰਦ ਹੋ ਜਾਣਗੇ ਕਿਉਂਕਿ ਮੈਕਸੀਕੋ ਨੂੰ ਹੋਣ ਵਾਲੀ ਸਪਲਾਈ 'ਤੇ ਇਨ•ਾਂ ਦੀ ਬਹੁਤ ਜ਼ਿਆਦਾ ਨਿਰਭਰਤਾ ਹੈ। ਅਮਰੀਕਾ ਦੀ ਸਭ ਤੋਂ ਵੱਡੀ ਕਾਰੋਬਾਰੀ ਸੰਸਥਾ ਯੂ.ਐਸ. ਚੈਂਬਰ ਆਫ਼ ਕਾਮਰਸ ਦੇ ਨੀਲ ਬਰੈਡਲੀ ਨੇ ਕਿਹਾ ਕਿ ਦੱਖਣੀ ਸਰਹੱਦ ਬੰਦ ਹੋਣ ਨਾਲ ਪੂਰੇ ਅਮਰੀਕਾ ਨੂੰ ਖ਼ਤਰਨਾਕ ਸਿੱਟੇ ਭੁਗਤਣੇ ਹੋਣਗੇ।
ਨਾਜਾਇਜ਼ ਪ੍ਰਵਾਸ ਨੂੰ ਰੋਕਣ ਲਈ ਸਖ਼ਤ ਕਦਮ ਨਾ ਚੁੱਕਣ ਕਾਰਨ ਹੁਣ ਤੱਕ ਮੈਕਸੀਕੋ ਨੂੰ ਕੋਸਦੇ ਆ ਰਹੇ ਟਰੰਪ ਨੇ ਅਚਾਨਕ ਗੁਆਂਢੀ ਮੁਲਕ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਤੀ। ਮੈਕਸੀਕੋ ਸਰਕਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਵਾਸੀਆਂ ਦੇ ਅਮਰੀਕਾ ਵੱਲ ਵਹਾਅ ਨੂੰ ਰੋਕਣ ਲਈ ਹਰ ਸੰਭਕ ਕੋਸ਼ਿਸ਼ ਕੀਤੀ ਜਾਵੇਗੀ।

ਹੋਰ ਖਬਰਾਂ »