ਸੈਨ ਡਿਆਗੋ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟਰੰਪ ਸਰਕਾਰ ਵੱਲੋਂ ਸੈਂਕੜੇ ਕਸਟਮਜ਼ ਅਫ਼ਸਰਾਂ ਨੂੰ ਅਮਰੀਕਾ-ਮੈਕਸੀਕੋ ਦੇ ਸਰਹੱਦੀ ਲਾਂਘਿਆਂ ਤੋਂ ਹਟਾ ਕੇ ਸ਼ਰਨਾਰਥੀ ਦਾਅਵਿਆਂ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਸੌਂਪੇ ਜਾਣ ਕਾਰਨ ਲੱਖਾਂ ਦੀ ਗਿਣਤੀ ਵਿਚ ਟਰੱਕ ਡਰਾਈਵਰਾਂ ਅਤੇ ਕਾਰ ਸਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਵੀਰਵਾਰ ਨੂੰ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਸਵਾ ਲੱਖ ਗੱਡੀਆਂ ਫਸੀਆਂ ਹੋਈਆਂ ਸਨ। ਸਭ ਤੋਂ ਜ਼ਿਆਦਾ ਅਸਰ ਕੈਲੇਫੋਰਨੀਆ ਸੂਬੇ ਵਿਚ ਵੇਖਣ ਨੂੰ ਮਿਲ ਰਿਹਾ ਹੈ ਜਿਥੇ ਸੈਨ ਡਿਆਗੋ ਦੇ ਸਰਹੱਦ ਲਾਂਘੇ ਮੁਕੰਮਲ ਤੌਰ 'ਤੇ ਬੰਦ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਅਮਰੀਕਾ-ਮੈਕਸੀਕੋ ਦੀ 3145 ਕਿਲੋਮੀਟਰ ਲੰਮੀ ਸਰਹੱਦ 'ਤੇ 48 ਲਾਂਘੇ ਹਨ ਅਤੇ ਇਸ ਟ੍ਰੈਫ਼ਿਕ ਜਾਮ ਕਾਰਨ ਰੋਜ਼ਾਨਾ 12 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮੈਕਸੀਕੋ ਦੇ ਨਿਊਵੋ ਲਾਰੇਦੋ ਤੋਂ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਦਾਖ਼ਲ ਹੋਣ ਲਈ ਆਮ ਤੌਰ 'ਤੇ ਅੱਧੇ ਘੰਟੇ ਦਾ ਸਮਾਂ ਲਗਦਾ ਹੈ ਪਰ ਹੁਣ ਕਾਰ ਮੁਸਾਫ਼ਰਾਂ ਨੂੰ ਤਿੰਨ ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਟਰੱਕ ਡਰਾਈਵਰਾਂ ਦੇ ਮਾਮਲੇ ਵਿਚ ਹਾਲਾਤ ਹੋਰ ਵੀ ਬਦਤਰ ਬਣੇ ਹੋਏ ਹਨ ਜਿਨ•ਾਂ ਨੂੰ ਪੰਜ-ਪੰਜ ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਉਧਰ ਮੈਕਸੀਕੋ ਦੇ ਤਿਜੁਆਨਾ ਵਿਚ ਪ੍ਰਵਾਸੀਆਂ ਦਾ ਇਕ ਵੱਡਾ ਕਾਫ਼ਲਾ ਅਮਰੀਕਾ ਵਿਚ ਦਾਖ਼ਲ ਹੋਣ ਦੀ ਤਾਕ ਵਿਚ ਹੈ ਜਿਸ ਨੂੰ ਵੇਖਦਿਆਂ ਸਰਹੱਦ ਬਲਾਕ ਕਰ ਦਿਤੀ ਗਈ ਅਤੇ ਟਰੱਕਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ। 

ਹੋਰ ਖਬਰਾਂ »