ਵਾਸ਼ਿੰਗਟਨ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੀ ਮੁਖੀ ਕਰਸਟਜਨ ਨੀਲਸਨ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ•ਾਂ ਦੀ ਥਾਂ 'ਤੇ ਕਸਟਮਜ਼ ਅਤੇ ਬਾਰਡਰ ਕਮਿਸ਼ਨਰ ਕੈਵਿਨ ਮੈਕਲੀਨਨ ਨੂੰ ਕਾਰਜਕਾਰੀ ਮੁਖੀ ਨਿਯੁਕਤ ਕਰ ਦਿਤਾ। ਰਾਸ਼ਟਰਪਤੀ ਟਰੰਪ ਨੇ ਨੀਲਸਨ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਪਰ ਅਚਾਨਕ ਤਬਦੀਲੀ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ। ਦੱਸ ਦੇਈਏ ਕਿ ਨੀਲਸਨ ਨੇ ਟਰੰਪ ਦੀ ਵਿਵਾਦਤ ਸਰਹੱਦੀ ਨੀਤੀ ਲਾਗੂ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਟਰੰਪ ਵੱਲੋਂ ਮੈਕਸੀਕੋ ਨਾਲ ਲਗਦੀ ਸਰਹੱਦ ਦੇ ਦੌਰੇ ਤੋਂ ਕੁਝ ਦਿਨ ਮਗਰੋਂ ਹੋਮਲੈਂਡ ਸਕਿਉਰਟੀ ਵਿਭਾਗ ਦੀ ਮੁਖੀ ਦਾ ਅਸਤੀਫ਼ਾ ਕਈ ਸਾਵਲ ਖੜ•ੇ ਕਰ ਗਿਆ। 2017 ਵਿਚ ਟਰੰਪ ਸਰਕਾਰ ਦਾ ਹਿੱਸਾ ਬਣਨ ਵਾਲੀ ਨੀਲਸਨ ਨੂੰ ਗ੍ਰਹਿ ਸੁਰੱਖਿਆ ਵਿਭਾਗ ਦੇ ਤਤਕਾਲੀ ਮੁਖੀ ਜੌਨ ਕੈਨੀ ਦੇ ਸਹਾਇਕ ਦੀ ਜ਼ਿੰਮੇਵਾਰੀ ਦਿਤੀ ਗਈ ਸੀ ਪਰ ਜੌਨ ਕੈਲੀ ਦੀ ਵਿਦਾਇਗੀ ਮਗਰੋਂ ਉਨ•ਾਂ ਨੂੰ ਮੁਖੀ ਥਾਪ ਦਿਤਾ ਗਿਆ। ਨੀਲਸਨ ਨੇ ਟਰੰਪ ਦੇ ਉਸ ਫ਼ੈਸਲੇ ਦੀ ਹਮਾਇਤ ਕੀਤੀ ਸੀ ਜਿਸ ਵਿਚ ਪ੍ਰਵਾਸੀਆਂ ਦੇ ਬੱਚਿਆਂ ਨੂੰ ਮਾਤਾ-ਪਿਤਾ ਤੋਂ ਦੂਰ ਰੱਖਣ ਦਾ ਜ਼ਿਕਰ ਕੀਤਾ ਗਿਆ। ਰਾਸ਼ਟਰਪਤੀ ਨੇ ਕਿਹਾਸ ੀ ਕਿ ਜੇ ਅਮਰੀਕਾ ਵਿਚ ਗ਼ੈਰਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਜੇਲ• ਭੇਜਿਆ ਜਾਂਦਾ ਹੈ ਤਾਂ ਬੱਚਿਆਂ ਨੂੰ ਉਨ•ਾਂ ਤੋਂ ਦੂਰ ਰਹਿਣਾ ਹੋਵੇਗਾ। ਜੂਨ 2018 ਵਿਚ ਵਾਸ਼ਿੰਗਟਨ ਡੀ.ਸੀ. ਦੇ ਇਕ ਮੈਕਸੀਕਨ ਰੈਸਟੋਰੈਂਟ ਵਿਚ ਨੀਲਸਨ ਨੂੰ ਵਿਖਾਵਾਕਾਰੀਆਂ ਦੇ ਰੋਸ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸਮਝਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਨੀਲਸਨ ਅਤੇ ਰਾਸ਼ਟਰਪਤੀ ਸਭ ਠੀਕ ਨਹੀਂ ਚੱਲ ਰਿਹਾ ਸੀ ਪਰ ਇਸ ਦੇ ਬਾਵਜੂਦ ਉਹ ਜਨਤਕ ਤੌਰ 'ਤੇ ਸਰਕਾਰ ਪ੍ਰਤੀ ਵਫ਼ਾਦਾਰ ਬਣੀ ਰਹੀ।

ਹੋਰ ਖਬਰਾਂ »