ਚੋਣਾਂ ਤੱਕ ਦੂਰ ਰਹਿਣ ਦੇ ਦਿੱਤੇ ਹੁਕਮ
ਚੰਡੀਗੜ੍ਹ, 9 ਅਪ੍ਰੈਲ, (ਹ.ਬ.) : ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਚੋਣ ਕਮਿਸ਼ਨ ਨੇ ਹਟਾਉਣ ਦੇ ਹੁਕਮ ਸੁਣਾ ਦਿੱਤੇ ਹਨ। ਕੁੰਵਰ ਵਿਜੇ ਪ੍ਰਤਾਪ ਨੂੰ ਤਤਕਾਲ ਪ੍ਰਭਾਵ ਨਾਲ ਹਟਾਉਣ ਅਤੇ ਚੋਣ ਸਬੰਧੀ ਡਿਊਟੀ ਤੋਂ ਦੂਰ ਰੱਖਣ ਲਈ ਵੀ ਕਿਹਾ ਗਿਆ ਹੈ। ਕਮਿਸ਼ਨ ਨੇ ਸ਼੍ਰੋਅਦ ਦੀ ਸ਼ਿਕਾਇਤ 'ਤੇ ਆਈਜੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਐਸਆਈਟੀ ਦੇ ਕੰਮ ਨੂੰ ਲੈ ਕੇ ਆਈਜੀ ਨੇ 18 ਅਤੇ 19 ਮਾਰਚ ਨੂੰ ਟੀਵੀ ਚੈਨਲਾਂ ਨੂੰ ਇੰਟਰਵਿਊ ਦਿੱਤਾ ਸੀ। ਸ਼੍ਰੋਅਦ ਨੇ ਦੋਸ਼ ਲਗਾਇਆ ਸੀ ਕਿ ਆਈਜੀ ਨਿਰਪੱਖ ਜਾਂਚ ਕਰਨ ਦੀ ਬਜਾਏ ਸੱਤਾਧਾਰੀ ਪਾਰਟੀ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਕਮਿਸ਼ਨ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਆਈਜੀ ਸਿਆਸੀ ਟਿੱਪਣੀਆਂ ਕਰਨ ਦੇ ਦੋਸ਼ੀ ਪਾਏ ਗਏ।
ਚੋਣ ਕਮਿਸ਼ਨ ਦੇ ਸੈਕਟਰੀ ਰਾਹੁਲ ਸ਼ਰਮਾ ਨੇ ਪੰਜਾਬ ਦੇ ਸੀਈਓ ਡਾ. ਐਸ ਕਰੁਣਾ ਰਾਜੂ ਨੂੰ ਪੱਤਰ ਭੇਜ ਕੇ ਸਪਸ਼ਟ ਕੀਤਾ ਕਿ  ਆਈਜੀ ਨੇ ਕੁਝ ਅਜਿਹੀ ਟਿੱਪਣੀਆਂ ਕੀਤੀਆਂ ਹਨ, ਜੋ ਸਿਆਸਤ ਨਾਲ ਪ੍ਰੇਰਤ ਲੱਗਦੀਆਂ ਹਨ। ਇੰਟਰਵਿਊ ਵਿਚ ਕਹੀ ਗਈ ਗੱਲਾਂ ਸਿਆਸੀ ਤੌਰ 'ਤੇ ਕੁਝ ਨੇਤਾਵਾਂ ਵੱਲ ਇਸ਼ਾਰਾ ਕਰਦੀਆਂ ਹਨ। ਅਜਿਹੇ ਵਿਚ ਕੁੰਵਰ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਜਾਵੇ ਅਤੇ ਚੋਣ ਸਬੰਧੀ ਕੋਈ ਕੰਮਕਾਜ ਨਾ ਸੌਂਪਿਆ ਜਾਵੇ। ਚੋਣ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਵਿਜੇ ਪ੍ਰਤਾਪ ਸਿੰਘ ਨੂੰ ਆਈਜੀ ਕਾਊਂਟਰ ਇੰਟੈਲੀਜੈਂਸ ਦੇ ਤੌਰ 'ਤੇ ਤੈਨਾਤ ਕਰਨ ਦਾ ਆਦੇਸ਼ ਦਿੱਤਾ ਹੈ। ਆਈਜੀ ਕਾਊਂਟਰ ਇੰਟੈਲੀਜੈਂਸ ਦੇ ਤੌਰ 'ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਵਿਚ ਅਪਣੀ ਡਿਊਟੀ 'ਤੇ ਤੈਨਾਤ ਹੋਣਗੇ।

ਹੋਰ ਖਬਰਾਂ »