ਟੋਰਾਂਟੋ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਲਾਇਸੰਸਸ਼ੁਦਾ ਸਟੋਰਾਂ 'ਤੇ ਮਿਲ ਰਹੀ ਭੰਗ, ਗ਼ੈਰਕਾਨੂੰਨੀ ਤੌਰ 'ਤੇ ਵਿਕਣ ਵਾਲੀ ਭੰਗ ਤੋਂ 57 ਫ਼ੀ ਸਦੀ ਮਹਿੰਗੀ ਹੋ ਗਈ ਹੈ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਮਕਸਦ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕੈਨੇਡਾ ਸਰਕਾਰ ਨੇ ਕਾਲਾਬਾਜ਼ਾਰੀ ਰੋਕਣ ਲਈ ਭੰਗ ਦੀ ਕਾਨੂੰਨੀ ਵਿਕਰੀ ਨੂੰ ਹਰੀ ਝੰਡੀ ਦਿਤੀ ਸੀ ਪਰ ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਭੰਗ ਦੀਆਂ ਕੀਮਤਾਂ ਵਿਚ 17 ਫ਼ੀ ਸਦੀ ਵਾਧਾ ਹੋ ਚੁੱਕਾ ਹੈ। ਨਿਊ ਬ੍ਰਨਜ਼ਵਿਕ ਅਤੇ ਮੈਨੀਟੋਬਾ ਰਾਜਾਂ ਦੇ ਲੋਕਾਂ ਨੂੰ ਸਭ ਤੋਂ ਮਹਿੰਗੇ ਭਾਅ ਭੰਗ ਖ਼ਰੀਦਣੀ ਪੈ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਕਾਨੂੰਨੀ ਤੌਰ 'ਤੇ ਜਾਇਜ਼ ਸਰੋਤਾਂ ਤੋਂ ਭੰਗ ਖ਼ਰੀਦਣ ਵਾਲਿਆਂ ਨੂੰ ਗ਼ੈਰਕਾਨੂੰਨੀ ਸਰੋਤਾਂ ਦੇ ਮੁਕਾਬਲੇ 56.8 ਫ਼ੀ ਸਦੀ ਵੱਧ ਕੀਮਤ ਅਦਾ ਕਰਨੀ ਪੈ ਰਹੀ ਹੈ। ਭੰਗ ਨੂੰ ਕਾਨੂੰਨੀ ਮਾਨਤਾ ਤੋਂ ਪਹਿਲਾਂ ਪ੍ਰਤੀ ਗ੍ਰਾਮ ਕੀਮਤ 6 ਡਾਲਰ 85 ਸੈਂਟ ਮੰਨੀ ਗਈ ਜਦਕਿ ਹੁਣ ਇਹ 10 ਡਾਲਰ 73 ਸੈਂਟ ਦੇ ਅੰਕੜੇ 'ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਉਕਤ ਗਿਣਤੀ-ਮਿਣਤੀ 17 ਅਕਤੂਬਰ 2018 ਤੋਂ 31 ਮਾਰਚ 2019 ਦਰਮਿਆਨ ਉਪਲਬਧ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਹੈ। ਕਾਨੂੰਨੀ ਮਾਨਤਾ ਤੋਂ ਪਹਿਲਾਂ ਨਿਊ ਬ੍ਰਨਜ਼ਵਿਕ ਵਿਚ ਭੰਗ ਸਭ ਤੋਂ ਸਸਤੀ ਹੁੰਦੀ ਸੀ ਪਰ ਪਿਛਲੇ ਸਮੇਂ ਦੌਰਾਨ ਇਸ ਦੀ ਕੀਮਤ ਵਿਚ 30.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਭੰਗ ਦੀ ਸਭ ਤੋਂ ਘੱਟ ਕੀਮਤ ਕਿਊਬਿਕ ਵਿਚ ਚੱਲ ਰਹੀ ਹੈ ਜਿਥੇ ਲੋਕ 6 ਡਾਲਰ 75 ਸੈਂਟ ਪ੍ਰਤੀ ਗ੍ਰਾਮ ਦੀ ਦਰ 'ਤੇ ਭੰਗ ਖ਼ਰੀਦ ਸਕਦੇ ਹਨ ਪਰ ਨੌਰਥ-ਵੈਸਟ ਟੈਰੇਟਰੀਜ਼ ਦੇ ਪ੍ਰਤੀ ਗ੍ਰਾਮ ਭੰਗ ਖ਼ਰੀਦਣ ਵਾਸਤੇ 14 ਡਾਲਰ 45 ਸੈਂਟ ਦੀ ਰਕਮ ਖ਼ਰਚ ਕਰਨੀ ਪੈ ਰਹੀ ਹੈ।

ਹੋਰ ਖਬਰਾਂ »