91 ਸੀਟਾਂ ਲਈ 68 ਫ਼ੀ ਸਦੀ ਪੋਲਿੰਗ ਹੋਈ

ਨਵੀਂ ਦਿੱਲੀ, 11 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 91 ਸੀਟਾਂ ਲਈ  ਵੋਟਿੰਗ ਦੌਰਾਨ ਕੁਝ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਜਦਕਿ ਕੁਝ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਗੜਬੜੀ ਦੀਆਂ ਸ਼ਿਕਾਇਤਾਂ ਵੀ ਆਈਆਂ। ਆਂਧਰਾ ਪ੍ਰਦੇਸ਼ ਵਿਚ ਦੋ ਧਿਰਾਂ ਦਰਮਿਆਨ ਝੜਪ ਅਤੇ ਮਹਾਰਾਸ਼ਟਰ ਵਿਚ ਧਮਾਕੇ ਦੌਰਾਨ 2 ਜਣਿਆਂ ਦੀ ਮੌਤ ਹੋ ਗਈ। ਕਈ ਪੋਲਿੰਗ ਬੂਥਾਂ 'ਤੇ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਵਿਚੋਂ ਗਾਹਿਬ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ।  ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਜੰਮੂ-ਕਸ਼ਮੀਰ, ਛੱਤੀਸਗੜ•, ਯੂ.ਪੀ., ਨਾਗਾਲੈਂਡ, ਮਣੀਪੁਰ, ਤ੍ਰਿਪੁਰਾ,ਅਸਾਮ ਅਤੇ ਪੱਛਮੀ ਬੰਗਾਲ ਦੀਆਂ 91 ਲੋਕ ਸਭਾ ਸੀਟਾਂ 'ਤੇ ਔਸਤਨ 68 ਫ਼ੀ ਸਦੀ ਪੋਲਿੰਗ ਹੋਣ ਦੀ ਰਿਪੋਰਟ ਮਿਲੀ ਹੈ। ਟੀ.ਡੀ.ਪੀ. ਦੇ ਚੰਦਰਬਾਬੂ ਨਾਇਡੂ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕਸ਼ਮੀਰ ਵਿਚ ਪੀ.ਡੀ.ਪੀ. ਦੀ ਮਹਿਬੂਬਾ ਮੁਫ਼ਤੀ ਨੇ ਪ੍ਰਸ਼ਾਸਨਿਕ ਕੋਤਾਹੀ ਦੀਆਂ ਸ਼ਿਕਾਇਤਾਂ ਕੀਤੀਆਂ। ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਸਾਰੀਆਂ 25 ਸੀਟਾਂ ਅਤੇ ਵਿਧਾਨ ਸਭਾ ਦੀਆਂ 175 ਸੀਟਾਂ ਲਈ ਵੋਟਿੰਗ ਹੋਈ। ਇਥੇ ਅਨੰਤਪੁਰਮ ਜ਼ਿਲ•ੇ ਦੇ ਤੜੀਪਤਰੀ ਵਿਧਾਨ ਸਭਾ ਹਲਕੇ ਦੇ ਇਕ ਪਿੰਡ ਵਿਚ ਟੀ.ਡੀ.ਪੀ. ਅਤੇ ਵਾਈ.ਐਸ.ਆਰ. ਕਾਂਗਰਸ ਵਰਕਰਾਂ ਦਰਮਿਆਨ ਹਿੰਸਕ ਝੜਪ ਵਿਚ ਦੋਹਾਂ ਧਿਰਾਂ ਦੇ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਉਧਰ ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ•ੇ ਅਧੀਨ ਪੈਂਦੇ ਵਾਘੇਜਰੀ ਇਲਾਕੇ ਵਿਚ ਇਕ ਪੋਲਿੰਗ ਬੂਥ ਨੇੜੇ ਮਾਉਵਾਦੀਆਂ ਨੇ ਪੋਲਿੰਗ ਬੂਥ ਨੇੜੇ ਬੰਬ ਧਮਾਕਾ ਕਰ ਦਿਤਾ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਧਰ ਚੋਣ ਕਮਿਸ਼ਨ ਨੇ ਹਿੰਸਾ ਦੀਆਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ•ਨ ਦਾ ਦਾਅਵਾ ਕੀਤਾ। ਆਂਧਰਾ ਪ੍ਰਦੇਸ਼ ਵਿਚ ਇਕ ਸਿਆਸੀ ਆਗੂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਤਕਨੀਕੀ ਖ਼ਰਾਬੀ ਤੋਂ ਐਨਾ ਤੰਗ ਆ ਗਿਆ ਕਿ ਉਸ ਨੇ ਮਸ਼ੀਨ ਚੁੱਕ ਕੇ ਹੇਠਾਂ ਸੁੱਟ ਦਿਤੀ ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੱਛਮੀ ਬੰਗਾਲ ਵਿਚ ਸ਼ਾਮ ਪੰਜ ਵਜੇ ਤੱਕ 81 ਫ਼ੀ ਸਦੀ ਵੋਟਾਂ ਪੈ ਚੁੱਕੀਆਂ ਸਨ ਜਦਕਿ ਆਸਾਮ ਵਿਚ 68 ਫ਼ੀ ਸਦੀ ਮਤਦਾਨ ਹੋਇਆ। ਜੰਮੂ ਕਸ਼ਮੀਰ ਦੀਆਂ 2 ਸੀਟਾਂ 'ਤੇ ਵੋਟਿੰਗ ਦੌਰਾਨ 55 ਫ਼ੀ ਸਦੀ ਦੇ ਕਰੀਬ ਪੋਲਿੰਗ ਹੋਣ ਦੀ ਰਿਪੋਰਟ ਮਿਲੀ ਹੈ। ਮਹਾਰਾਸ਼ਟਰ ਵਿਚ ਸਭ ਤੋਂ ਘੱਟ 46 ਫ਼ੀ ਸਦੀ ਵੋਟਾਂ ਪਈਆਂ ਅਤੇ ਇਸ ਦਾ ਮੁੱਖ ਕਾਰਨ ਨਕਸਲੀ ਇਲਾਕਿਆਂ ਵਿਚਲੇ ਲੋਕਾਂ ਦਾ ਡਰ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ »