ਟੋਰਾਂਟੋ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਪੀ.ਸੀ. ਪਾਰਟੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ ਰਿਕਾਰਡ 163.4 ਅਰਬ ਡਾਲਰ ਖ਼ਰਚ ਕਰਨ ਦਾ ਐਲਾਨ ਕਰਦਿਆਂ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਵਾ ਦਿਤੇ। ਬਜਟ ਵਿਚ ਆਮ ਲੋਕਾਂ ਅਤੇ ਕਾਰੋਬਾਰੀਆਂ 'ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਸਗੋਂ ਮਾਪਿਆਂ, ਬਜ਼ੁਰਗਾਂ ਅਤੇ ਕਾਰੋਬਾਰ ਮਾਲਕਾਂ ਦੀ ਆਰਥਿਕ ਮਦਦ ਦੇ ਉਪਾਅ ਕੀਤੇ ਗਏ ਹਨ। ਵਿੱਤ ਮੰਤਰੀ ਵਿਕ ਫ਼ੈਡਲੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਉਨਟਾਰੀਓ ਚਾਈਲਡ ਕੇਅਰ ਐਕਸੈਸ ਐਂਡ ਰਿਲੀਫ਼ ਫ਼ਰੌਮ ਐਕਸਪੈਂਸਿਜ਼ (ਕੇਅਰ) ਯੋਜਨਾ ਤਹਿਤ ਦਰਮਿਆਨੀ ਆਮਦਨ ਵਾਲੇ ਪਰਵਾਰ 16 ਸਾਲ ਤੱਕ ਦੇ ਬੱਚਿਆਂ ਦੀ ਸੰਭਾਲ 'ਤੇ ਹੋਣ ਵਾਲੇ ਖ਼ਰਚੇ ਦਾ 75 ਫ਼ੀ ਸਦੀ ਤੱਕ ਸੂਬਾ ਸਰਕਾਰ ਤੋਂ ਪ੍ਰਾਪਤ ਕਰ ਸਕਣਗੇ ਪਰ ਵੱਧ ਤੋਂ ਵੱਧ 6000 ਹਜ਼ਾਰ ਡਾਲਰ ਸਾਲਾਨਾ ਤੱਕ ਹੀ ਮਿਲਣਗੇ। ਸਰੀਰਕ ਤੌਰ 'ਤੇ ਅਪਾਹਜ ਬੱਚੇ ਦੇ ਮਾਮਲੇ ਵਿਚ ਮਾਪਿਆਂ ਨੂੰ 8250 ਡਾਲਰ ਤੱਕ ਦੀ ਰਕਮ ਮਿਲੇਗੀ। ਬਜ਼ੁਰਗਾਂ ਦੇ ਮਾਮਲੇ ਵਿਚ 32,300 ਡਾਲਰ ਸਾਲਾਨਾ ਤੱਕ ਦੀ ਆਮਦਨ ਵਾਲੇ ਜੋੜਿਆਂ ਨੂੰ ਆਉਂਦੀਆਂ ਗਰਮੀਆਂ ਤੋਂ ਦੰਦਾਂ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਕਹਿਰੇ ਬਜ਼ੁਰਗ ਦੇ ਮਾਮਲੇ ਵਿਚ ਆਮਦਨ ਦੀ ਹੱਦ 19,300 ਡਾਲਰ ਰੱਖੀ ਗਈ ਹੈ। ਡਗ ਫ਼ੋਰਡ ਸਰਕਾਰ ਨੇ ਬਜਟ ਵਿਚ ਆਟੋ ਬੀਮਾ ਦਰਾਂ ਘਟਾਉਣ ਦਾ ਇੱਛਾ ਵੀ ਜ਼ਾਹਰ ਕੀਤੀ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਬੀਮਾ ਦਰਾਂ ਵਿਚ ਕਿੰਨੀ ਕਟੌਤੀ ਕੀਤੀ ਜਾਵੇਗੀ ਅਤੇ ਕਦੋਂ ਤੱਕ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਸਰਕਾਰ ਨੇ ਕਿਹਾ ਕਿ ਉਹ ਲਾਲਫ਼ੀਤਾਸ਼ਾਹੀ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਨਵਾਂ ਡਰਾਈਵਰ ਕੇਅਰ ਕਾਰਡ ਪੇਸ਼ ਕਰਨ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਹੋਰ ਖਬਰਾਂ »