ਵੈਨਕੂਵਰ, 12 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੈਨਕੂਵਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖ਼ਾਸ ਤੌਰ 'ਤੇ ਸ਼ਾਮਲ ਹੋ ਸਕਦੇ ਹਨ। ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਮਲਕੀਤ ਸਿੰਘ ਧਾਮੀ ਨੇ ਦੱਸਿਆ ਕਿ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ 13 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ਗੁਰਬਾਣੀ ਕੀਰਤਨ ਹੋਵੇਗਾ ਅਤੇ ਇਸ ਮਗਰੋਂ ਉਘੀਆਂ ਸ਼ਖਸੀਅਤ ਦੁਆਰਾ ਤਕਰੀਰਾਂ ਕੀਤੀਆਂ ਜਾਣਗੀਆਂ। 10.45 ਵਜੇ ਅਰਦਾਸ ਮਗਰੋਂ ਨਗਰ ਕੀਰਤਨ ਮਰੀਨ ਡਰਾਈਵ ਵੱਲ ਰਵਾਨਾ ਹੋਵੇਗਾ। ਮਲਕੀਤ ਸਿੰਘ ਧਾਮੀ ਨੇ ਉਮੀਦ ਜ਼ਾਹਰ ਕੀਤੀ ਕਿ ਜਸਟਿਨ ਟਰੂਡੋ ਨਗਰ ਕੀਰਤਨ ਵਿਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਖ਼ਾਲਸਾ ਦੀਵਾਨ ਸੋਸਾਇਟੀ ਦੀ ਨੀਂਹ 22 ਜੁਲਾਈ 1902 ਨੂੰ ਰੱਖੀ ਗਈ ਸੀ ਅਤੇ ਰਸਮੀ ਤੌਰ 'ਤੇ ਇਸ ਦੀ ਸਥਾਪਨਾ 1906 ਵਿਚ ਕੀਤੀ ਗਈ। 1908 ਵਿਚ ਸੋਸਾਇਟੀ ਵੱਲੋਂ ਗੁਰੂ ਘਰ ਦੀ ਉਸਾਰੀ ਲਈ 1866 ਵੈਸਟ ਸੈਕਿੰਡ ਐਵੇਨਿਊ ਵਿਖੇ ਜ਼ਮੀਨ ਖ਼ਰੀਦੀ ਗਈ ਅਤੇ 1970 ਇਥੇ ਗੁਰਦਵਾਰਾ ਸਾਹਿਬ ਸੁਸ਼ੋਭਿਤ ਰਿਹਾ। ਫਿਰ ਰੌਸ ਸਟ੍ਰੀਟ ਵਿਖੇ ਨਵੇਂ ਸਿਰੇ ਤੋਂ ਗੁਰੂ ਘਰ ਦੀ ਇਮਾਰਤ ਤਿਆਰ ਕੀਤੀ ਗਈ। ਇੰਡੋ-ਕੈਨੇਡੀਅਨ ਭਾਈਚਾਰੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਖ਼ਾਲਸਾ ਦੀਵਾਨ ਸੋਸਾਇਟੀ ਹਮੇਸ਼ਾ ਤੋਂ ਵੱਡਾ ਯੋਗਦਾਨ ਪਾਉਂਦੀ ਆ ਰਹੀ ਹੈ।

ਹੋਰ ਖਬਰਾਂ »