ਜਲੰਧਰ, 13 ਅਪ੍ਰੈਲ, (ਹ.ਬ.) : ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਦਿਲਪ੍ਰੀਤ ਬਾਬਾ ਨੂੰ ਜਲੰਧਰ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਇੱਕ ਸਾਲ ਪਹਿਲਾਂ 23 ਮਾਰਚ ਨੂੰ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਜੰਡਿਆਲਾ ਵਿਚ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ਚਲਾਉਣ ਵਾਲੇ  ਤਰਸੇਮ ਸਿੰਘ ਕੋਲੋਂ ਢਾਈ ਲੱਖ ਰੁਪਏ ਦੀ ਨਕਦੀ ਲੁੱਟੀ ਸੀ, ਜਿਸ 'ਤੇ ਥਾਣਾ ਸਦਰ ਪੁਲਿਸ ਨੇ ਕੇਸ ਦਰਜ ਕੀਤਾ ਸੀ। ਮਾਮਲੇ ਦੀ ਜਾਂਚ  ਵਿਚ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨਾਂ ਸਾਹਮਣੇ ਆਇਆ ਸੀ, ਜਿਸ ਨੇ ਅਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਥਾਣਾ ਸਦਰ ਪੁਲਿਸ ਰੋਪੜ ਜੇਲ੍ਹ ਵਿਚ ਬੰਦ ਦਿਲਪ੍ਰੀਤ ਬਾਬਾ ਨੂੰ ਸ਼ੁੱਕਰਵਾਰ ਨੂੰ ਜਲੰਧਰ ਲੈ ਕੇ ਪੁੱਜੀ, ਜਿਸ ਤੋਂ ਬਾਅਦ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ਵਿਚ ਲਿਆ ਗਿਆ ਹੈ। ਜੰਡਿਆਲਾ ਨਿਵਾਸੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ 23 ਮਾਰਚ 2018 ਨੂੰ ਬਸ ਸਟੈਂਡ ਦੇ ਕੋਲ ਸਥਿਤ ਅਪਣੀ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ਬੰਦ ਕਰਕੇ ਸਕੂਟਰ 'ਤੇ ਘਰ ਜਾ ਰਿਹਾ ਸੀ। ਉਸ ਦੇ ਕੋਲ 2.80 ਲੱਖ ਰੁਪਏ ਦੀ ਭਾਰਤੀ ਕਰੰਸੀ ਸੀ। ਸ਼ਾਮ  ਵੇਲੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਡਿੰਗ ਪਿਆ। ਇਸ ਤੋਂ ਬਾਅਦ ਬਾਈਕ ਤੋਂ ਉਤਰੇ ਨੌਜਵਾਨ ਨੇ ਉਸ 'ਤੇ ਪਿਸਟਲ ਤਾਣ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਸਕੂਟਰ 'ਤੇ ਪਏ 2.80 ਲੱਖ ਰੁਪਏ ਨਾਲ ਭਰੇ ਬੈਗ ਨੂੰ ਲੁੱਟ ਕੇ ਫਰਾਰ ਹੋ ਗਏ । 

ਹੋਰ ਖਬਰਾਂ »