ਮੈਲਬਰਨ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿਚ ਇਕ ਨਾਈਟ ਕਲੱਬ ਦੇ ਬਾਹਰ ਹੋਈ ਗੋਲੀਬਾਰੀ ਵਿਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਗੋਲੀਬਾਰੀ ਨੂੰ ਅਤਿਵਾਦੀ ਵਾਰਦਾਤ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਐਤਵਾਰ ਵੱਡੇ ਤੜਕੇ ਵਾਪਰੀ ਵਾਰਦਾਤ ਮਗਰੋਂ ਚਾਰ ਜਣਿਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਨ•ਾਂ ਵਿਚੋਂ ਇਕ ਨੇ ਦਮ ਤੋੜ ਦਿਤਾ। ਬਾਕੀਆਂ ਦੀ ਹਾਲਤ ਵੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਚੇਤੇ ਰਹੇ ਕਿ ਮਾਰਚ ਵਿਚ ਮੈਲਬਰਨ ਵਿਖੇ ਗੋਲੀਬਾਰੀ ਦੀਆਂ ਚਾਰ ਵੱਖ ਵੱਖ ਵਾਰਦਾਤਾਂ ਦੌਰਾਨ ਪੰਜ ਜਣੇ ਮਾਰੇ ਗਏ ਸਨ। ਇਨ•ਾਂ ਵਿਚੋਂ ਦੋ ਘਟਨਾਵਾਂ ਗਿਰੋਹਾਂ ਨਾਲ ਸਬੰਧਤ ਸਨ। 1996 ਵਿਚ ਆਸਟ੍ਰੇਲੀਆ ਦੇ ਪੋਰਟ ਆਰਥਰ ਕਸਬੇ ਵਿਚ ਇਕ ਬੰਦੂਕਧਾਰੀ ਵੱਲੋਂ 35 ਜਣਿਆਂ ਦੀ ਹੱਤਿਆ ਕੀਤੇ ਜਾਣ ਮਗਰੋਂ ਹਥਿਆਰਾਂ ਨਾਲ ਸਬੰਧਤ ਨਿਯਮ ਸਖ਼ਤ ਕਰ ਦਿਤੇ ਗਏ ਸਨ ਜਿਸ ਦੇ ਮੱਦੇਨਜ਼ਰ ਭੀੜ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਬੇਹੱਦ ਘਟ ਗਈਆਂ।

ਹੋਰ ਖਬਰਾਂ »