ਵੈਨਕੂਵਰ ਦੇ ਵਿਸਾਖੀ ਨਗਰ ਕੀਰਤਨ ਵਿਚ ਕੀਤੀ ਸ਼ਮੂਲੀਅਤ

ਵੈਨਕੂਵਰ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ ਗਏ ਅਲੌਕਿਕ ਨਗਰ ਕੀਰਤਨ ਵਿਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਿੱਖ ਧਰਮ ਦੀ ਰੂਹ ਮੰਨੇ ਜਾਂਦੇ 'ਸਰਬੱਤ ਦਾ ਭਲਾ' ਸਿਧਾਂਤ 'ਤੇ ਹੀ ਕੈਨੇਡਾ ਅੱਗੇ ਵਧ ਰਿਹਾ ਹੈ। ਨਗਰ ਕੀਰਤਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਟਰੂਡੋ ਨੇ ਵੈਨਕੂਵਰ ਦੇ ਰੌਸ ਸਟ੍ਰੀਟ ਗੁਰੂ ਘਰ ਵਿਚ ਮੱਥਾ ਟੇਕਿਆ ਅਤੇ ਸਿੱਖ ਭਾਈਚਾਰੇ ਨਾਲ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕੈਨੇਡਾ ਵਿਚ ਸਿੱਖਾਂ ਦੇ 125 ਸਾਲ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਬਰਾਬਰਤਾ ਅਤੇ ਸਮਾਜਿਕ ਨਿਆਂ ਰਾਹ ਵਿਖਾਇਆ ਅਤੇ ਕੈਨੇਡੀਅਨ ਸਿੱਖ 20ਵੀਂ ਸਦੀ ਦੀ ਸ਼ੁਰੂਆਤ ਤੋਂ ਸਥਾਨਕ ਸਮਾਜ ਨੂੰ ਇਸ ਰਾਹ 'ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ। ਦੱਸ ਦੇਈਏ ਕਿ ਕੈਨੇਡਾ ਸਰਕਾਰ ਦੀ ਅਤਿਵਾਦੀ ਖ਼ਤਰਿਆਂ ਬਾਰੇ ਰਿਪੋਰਟ ਵਿਚੋਂ ਸਿੱਖ ਵੱਖਵਾਦ ਸ਼ਬਦ ਹਟਾਏ ਜਾਣ ਤੋਂ ਕੁਝ ਘੰਟੇ ਬਾਅਦ ਜਸਟਿਨ ਟਰੂਡੋ ਵਿਸਾਖੀ ਦੇ ਇਕੱਠ ਵਿਚ ਸ਼ਾਮਲ ਹੋਏ। ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਗੁਰਦਵਾਰਾ ਸਾਹਿਬ ਵਿਚ ਸੀਸ ਨਿਵਾਇਆ ਅਤੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ। 

ਹੋਰ ਖਬਰਾਂ »