ਹਲਵਾਰਾ, 15 ਅਪ੍ਰੈਲ, (ਹ.ਬ.) : ਪੁਲਿਸ ਥਾਣਾ ਸਿਟੀ ਰਾਏਕੋਟ ਵਿਚ ਦਰਜ ਹੋਏ ਇੱਕ ਪਰਚੇ ਰਾਹੀਂ ਆਨਲਾਈਨ ਠੱਗ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੋਹਲੀ ਦੇ 20 ਸਾਲਾ ਨੌਜਵਾਨ ਬਬਨਪ੍ਰੀਤ ਸਿੰਘ ਪੁੱਤਰ ਜਗਰਾਜ ਸਿੰਘ ਦੀ ਫੇਸਬੁੱਕ 'ਤੇ ਐਵਿਲਨ ਪੇਟਿਨ ਨਾਂ (ਫਰਜ਼ੀ ਅਕਾਊਂਟ) ਦੀ ਅਮਰੀਕਨ ਔਰਤ ਨਾਲ ਦੋਸਤੀ ਹੋਈ ਸੀ। ਦੋਵਾਂ ਵਿਚ ਚੈਟ ਸ਼ੁਰੂ ਹੋਈ ਜੋ ਹੌਲੀ ਹੌਲੀ ਆਸ਼ਕੀ ਵਿਚ ਤਬਦੀਲ ਹੋ ਗਈ। ਇਸੇ ਦੌਰਾਨ ਐਵਲਿਨ ਪੇਟਿਨ ਨੇ ਬਬਨਪ੍ਰੀਤ ਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ।
ਬਬਨਪ੍ਰੀਤ ਮੁਤਾਬਕ ਉਸ ਮਹਿਲਾ ਨੇ ਉਸ ਨੂੰ ਪੂਰੀ ਤਰ੍ਹਾਂ ਮੋਹ ਜਾਲ ਵਿਚ ਫਸਾ ਲਿਆ ਸੀ। ਇੱਕ ਦਿਨ ਐਵਲਿਨ ਪੇਟਿਨ ਦਾ ਮੈਸੇਜ ਆਇਆ ਕਿ ਉਸ ਨੇ ਬਬਨਪ੍ਰੀਤ ਦੇ ਲਈ ਕੋਈ ਕੀਮਤੀ ਤੋਹਫਾ ਭੇਜਿਆ ਹੈ। ਇਸ ਦੇ ਲਈ ਉਹ ਕੋਰੀਅਰ ਕੰਪਨੀ ਨਾਲ ਗੱਲ ਕਰਕੇ ਉਸ ਦਾ ਕਸਟਮ ਅਤੇ ਹੋਰ ਟੈਕਸ ਚੁਕਾ ਕੇ ਹਾਸਲ ਕਰ ਲਵੇ। ਬਬਨਪ੍ਰੀਤ ਨੇ ਜਦ ਕੋਰੀਅਰ ਕੰਪਨੀ ਦੇ ਐਵਲਿਨ ਦੁਆਰਾ ਭੇਜੇ ਨੰਬਰ 'ਤੇ ਗੱਲ ਕੀਤੀ ਤਾਂ ਉਸ ਵਲੋਂ ਇਕ ਅਕਾਊਂਟ ਨੰਬਰ ਦਿੱਤਾ ਗਿਆ ਜਿਸ ਵਿਚ ਟੈਕਸ ਆਦਿ ਦੀ ਕੀਮਤ 8 ਲੱਖ 65 ਹਜ਼ਾਰ 500 ਰੁਪਏ ਜਮ੍ਹਾ ਕਰਾਉਣ ਦੇ ਲਈ ਕਿਹਾ ਗਿਆ। 
ਬਬਨਪ੍ਰੀਤ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਰਾਏਕੋਟ ਬਰਾਂਚ ਤੋਂ ਕੰਪਨੀ ਦੇ ਅਲੱਗ ਅਲੱਗ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾ ਦਿੱਤੇ। ਉਸ ਤੋਂ ਬਾਅਦ ਐਵਲਿਨ ਦਾ ਸੰਪਰਕ ਬੰਦ ਹੋ ਗਿਆ। ਲੇਕਿਨ ਫੇਰ ਵੀ ਤਿੰਨ ਮਹੀਨੇ ਉਡੀਕ ਕਰਨ ਤੋਂ ਬਾਅਦ ਬਬਨਪ੍ਰੀਤ ਨੇ ਐਸਐਸਪੀ ਲੁਧਿਆਣਾ ਦਿਹਾਤੀ ਜਗਰਾਉਂ ਦੇ ਕੋਲ ਪੇਸ਼ ਹੋ ਕੇ ਠੱਗੀ ਦੀ ਅਰਜ਼ੀ ਦਿੱਤੀ।  ਪੁਲਿਸ ਨੇ ਬਬਨਪ੍ਰੀਤ ਦੇ ਬਿਆਨ 'ਤੇ ਮਾਮਲਾ ਸਾਈਬਰ ਸੈਲ ਨੂੰ ਪੜਤਾਲ ਦੇ ਲਈ ਭੇਜ ਦਿੱਤਾ। ਨੰਬਰ ਟਰੈਕ ਨਾ ਹੋਣ 'ਤੇ ਫਾਈਲ ਕਰੀਬ ਸੱਤ ਮਹੀਨੇ ਬਾਅਦ ਵਾਪਸ ਥਾਣਾ ਰਾਏਕੋਟ  ਪੁੱਜੀ। ਪੁਲਿਸ ਨੇ ਅਣਪਛਾਤੇ ਖ਼ਿਲਾਫ਼  ਮਾਮਲਾ ਦਰਜ ਕਰ ਲਿਆ ਹੈ। 

ਹੋਰ ਖਬਰਾਂ »