ਵੈਨਕੂਵਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬ੍ਰਿਟਿਸ਼ ਕੋਲੰਬੀਆ ਦੇ ਸੈਲਮਨ ਆਰਮ ਕਸਬੇ ਦੀ ਇਕ ਚਰਚ ਵਿਚ ਗੋਲੀਬਾਰੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਗੋਲੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਤੇ ਐਮਰਜੰਸੀ ਕਾਮਿਆਂ ਨੂੰ ਐਤਵਾਰ ਸਵੇਰੇ 10.30 ਵਜੇ ਗੋਲੀ ਚੱਲਣ ਦੀ ਸੂਚਨਾ ਮਿਲੀ ਅਤੇ ਮੌਕੇ 'ਤੇ ਦੋ ਜਣੇ ਜ਼ਖ਼ਮੀ ਹਾਲਤ ਵਿਚ ਮਿਲੇ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਕ ਜਣਾ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦਾ ਸ਼ਿਕਾਰ ਬਣੇ ਦੋ ਜਣਿਆਂ ਵਿਚੋਂ ਇਕ, ਹਮਲਾਵਰ ਨੂੰ ਜਾਣਦਾ ਸੀ ਜਿਸ ਦੇ ਮੱਦੇਨਜ਼ਰ ਆਮ ਲੋਕਾਂ ਦੀ ਜਾਨ-ਮਾਲ ਲਈ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ। ਪੁਲਿਸ ਦੁਆਰਾ ਹਿਰਾਸਤ ਵਿਚ ਲਏ ਸ਼ੱਕੀ ਦੀ ਉਮਰ 25 ਸਾਲ ਦੱਸੀ ਗਈ ਹੈ ਜਿਸ ਕੋਲੋਂ ਰਾਈਫ਼ਲ ਵੀ ਬਰਾਮਦ ਹੋ ਗਈ। ਸਟਾਫ਼ ਸਾਰਜੈਂਟ ਸਕੌਟ ਵੈਸਟ ਨੇ ਇਹ ਵਾਰਦਾਤ ਧਾਰਮਿਕ ਨਫ਼ਰਤ ਤੋਂ ਪ੍ਰੇਰਿਤ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ। ਗੋਲੀਬਾਰੀ ਦਾ ਨਿਸ਼ਾਨਾ ਬਣੇ ਗੌਰਡਨ ਪਰਮੈਂਟਰ ਦੇ ਪੋਤੇ ਮਾਰਕ ਪਰਮੈਂਟਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਰਚ ਵਿਚ ਉਸ ਦੇ ਦਾਦਕਿਆਂ ਦੇ ਘਰ ਨੂੰ ਅੱਗ ਲਾ ਦਿਤੀ ਗਈ ਸੀ। ਪੁਲਿਸ ਨੇ ਫ਼ਿਲਹਾਲ ਦੋਵੇਂ ਮਾਮਲੇ ਸਬੰਧਤ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ।

ਹੋਰ ਖਬਰਾਂ »