26 ਅਪ੍ਰੈਲ ਤੱਕ 26 ਲੱਖ ਪਰਵਾਰਾਂ ਨਾਲ ਸੰਪਰਕ ਕਰਨਗੇ 13 ਉਮੀਦਵਾਰ

ਸੰਗਰੂਰ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਰਣਨੀਤੀ ਅਪਨਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਪਾਰਟੀ ਉਮੀਦਵਾਰਾਂ ਅਤੇ ਵਾਲੰਟੀਅਰਾਂ ਨਾਲ ਮੁਲਾਕਾਤ ਦੌਰਾਨ ਦਾਅਵਾ ਕੀਤਾ ਕਿ 26 ਅਪ੍ਰੈਲ ਤੱਕ 13 ਲੋਕ ਸਭਾ ਹਲਕਿਆਂ ਦੇ 26 ਲੱਖ ਪਰਵਾਰਾਂ ਨਾਲ ਸੰਪਰਕ ਕਾਇਮ ਕੀਤਾ ਜਾਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਚੋਣਾਂ ਲੜਨ ਲਈ ਪੈਸਾ ਨਹੀਂ ਜਿਸ ਦੇ ਮੱਦੇਨਜ਼ਰ ਪਾਰਟੀ ਦੇ ਵਾਲੰਟੀਅਰਾਂ ਦੁਆਰਾ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਬਿਹਤਰ ਰਹੇਗੀ। ਪ੍ਰੈਸ ਕਾਨਫ਼ਰੰਸ ਦੌਰਾਨ ਸਿਸੋਦੀਆ ਆਪਾ ਵਿਰੋਧੀ ਗੱਲਾਂ ਕਰਦੇ ਵੀ ਸੁਣੇ ਗਏ ਕਿਉਂਕਿ ਪਹਿਲਾਂ ਉਨ•ਾਂ ਕਿਹਾ ਕਿ ਪਾਰਟੀ ਕੋਲ ਚੋਣਾਂ ਲੜਨ ਲਈ ਪੈਸਾ ਨਹੀਂ ਅਤੇ ਬਾਅਦ ਵਿਚ ਕਹਿਣ ਲੱਗੇ ਕਿ ਆਮ ਆਦਮੀ ਪਾਰਟੀ ਕੋਲ ਫ਼ੰਡਾਂ ਦੀ ਕੋਈ ਕਮੀ ਨਹੀਂ ਪਰ ਹੋਰਨਾਂ ਪਾਰਟੀਆਂ ਵਾਂਗ ਚੋਣਾਂ 'ਤੇ ਪੈਸਾ ਲੁਟਾਉਣਾ ਨਹੀਂ ਚਾਹੁੰਦੇ। ਇਸ ਮੌਕੇ ਮਨੀਸ਼ ਸਿਸੋਦੀਆ ਨਾਲ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪਾਰਟੀ ਦੀ ਉਪ ਆਗੂ ਸਰਬਜੀਤ ਕੌਰ ਮਾਣੂਕੇ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਵੀ ਹਾਜ਼ਰ ਸਨ।

ਹੋਰ ਖਬਰਾਂ »